google-site-verification=ILda1dC6H-W6AIvmbNGGfu4HX55pqigU6f5bwsHOTeM
top of page

DC, ਨਗਰ ਨਿਗਮ ਕਮਿਸ਼ਨਰ ਨੇ 'ਦਾਨ ਉਤਸਵ' ਤਹਿਤ ‘ਵੰਡ ਮੁਹਿੰਮ’ ਦੀ ਕੀਤੀ ਸ਼ੁਰੂਆਤ

22 ਅਕਤੂਬਰ

ਸੂਬੇ ਵਿੱਚ ਆਪਣੀ ਕਿਸਮ ਦੇ ਵਲੱਖਣ 'ਦਾਨ ਉਤਸਵ' ਵਿੱਚ ਹਿੱਸਾ ਲੈਂਦੇ ਹੋਏ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਨੀਵਾਰ ਨੂੰ ਇਨਡੋਰ ਸਟੇਡੀਅਮ (ਪੱਖੋਵਾਲ ਰੋਡ) ਵਿਖੇ ਆਯੋਜਿਤ 'ਦਾਨ ਉਤਸਵ' ਤਹਿਤ 'ਵੰਡ ਮੁਹਿੰਮ' ਦੀ ਸ਼ੁਰੂਆਤ ਕੀਤੀ। ਨਗਰ ਨਿਗਮ ਵੱਲੋਂ ਸਿਟੀ ਨੀਡਜ਼ ਐਨ.ਜੀ.ਓ. ਦੇ ਸਹਿਯੋਗ ਨਾਲ 'ਦਾਨ ਉਤਸਵ' ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸ਼ਹਿਰ ਭਰ ਦੇ ਵਸਨੀਕ ਲੋੜਵੰਦਾਂ ਲਈ ਵਰਤੀਆਂ/ਪੁਰਾਣੀਆਂ ਵਸਤਾਂ/ਕੱਪੜੇ ਦਾਨ ਕਰਨ ਲਈ ਅੱਗੇ ਆਏ। ਸ਼ਹਿਰ ਵਿੱਚ 23 ਕੁਲੈਕਸ਼ਨ ਸੈਂਟਰ ਸਥਾਪਿਤ ਕੀਤੇ ਗਏ ਸਨ ਅਤੇ 6 ਤੋਂ 10 ਅਕਤੂਬਰ ਤੱਕ ਪ੍ਰੋਗਰਾਮ ਦੇ ਤਹਿਤ ਇੱਕ ਵੱਡੀ ਸੰਗ੍ਰਹਿ/ਦਾਨ ਮੁਹਿੰਮ ਚਲਾਈ ਗਈ ਸੀ।

ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ (ਜੋਨ-ਡੀ) ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ਼ ਐਨ.ਜੀ.ਓ. ਤੋਂ ਮਨੀਤ ਦੀਵਾਨ ਨੇ ਦੱਸਿਆ ਕਿ 'ਦਾਨ ਉਤਸਵ' ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵਸਨੀਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਉਦਯੋਗਿਕ ਸੰਸਥਾਵਾਂ ਨੇ 50,000 ਤੋਂ ਵੱਧ ਕੱਪੜੇ, 3000 ਖਿਡੌਣੇ, 2000 ਜੁੱਤੇ, 1200 ਬਿਸਤਰੇ, 800 ਬਰਤਨ, 200 ਉਪਕਰਨ, ਕਰਿਆਨਾ, ਈ-ਵੇਸਟ ਆਦਿ ਦਾਨ ਕੀਤੇ। ਸ਼ਹਿਰ ਵਾਸੀਆਂ ਵੱਲੋਂ ਵਾਸ਼ਿੰਗ ਮਸ਼ੀਨਾਂ, ਵਰਤੇ ਗਏ ਫ਼ੋਨ, ਲੈਪਟਾਪ, ਐਲ.ਈ.ਡੀ. ਸਕਰੀਨਾਂ ਆਦਿ ਵੀ ਦਾਨ ਕੀਤੇ ਗਏ ਹਨ। 'ਦਾਨ ਉਤਸਵ' ਵਿੱਚ 40 ਤੋਂ ਵੱਧ ਸਕੂਲਾਂ, ਕਾਲਜਾਂ, ਉਦਯੋਗਿਕ ਸੰਸਥਾਵਾਂ, ਕਲੱਬਾਂ ਆਦਿ ਨੇ ਭਾਗ ਲਿਆ। ਸ਼ਨੀਵਾਰ ਨੂੰ ਵੰਡ ਸਮਾਰੋਹ ਲਈ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਨਿਵਾਸੀਆਂ/ਐਨ.ਜੀ.ਓਜ਼ ਨੂੰ ਵੀ ਸੱਦਾ ਦਿੱਤਾ ਗਿਆ ਸੀ। ਸਮਾਗਮ ਦੌਰਾਨ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਮੈਂਬਰਾਂ, ਸਕੂਲ ਸਟਾਫ਼, ਵਲੰਟੀਅਰਾਂ ਆਦਿ ਨੂੰ ਵੀ 'ਪ੍ਰਸ਼ੰਸਾ ਪੱਤਰ' ਦੇ ਕੇ ਸਨਮਾਨਿਤ ਕੀਤਾ ਗਿਆ। ਸੀ.ਆਈ.ਸੀ.ਯੂ., ਫੀਕੋ, ਯੂ.ਸੀ.ਪੀ.ਐਮ.ਏ., ਐਸੋਸੀਏਸ਼ਨ ਆਫ ਕੰਪਿਊਟਰ ਐਂਟਰਪ੍ਰੀਨਿਊਰਜ਼ (ਏ.ਸੀ.ਈ.), ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਸੇਵਾ ਟਰੱਸਟ, ਐਕਟ ਹਿਊਮਨ, ਵੂਮੈਨ ਨੇਕਸਟ ਡੋਰ, ਮਾਰਸ਼ਲ ਏਡ ਫਾਊਂਡੇਸ਼ਨ ਸਮੇਤ ਵੱਖ-ਵੱਖ ਐਸੋਸੀਏਸ਼ਨਾਂ ਅਤੇ ਐਨ.ਜੀ.ਓਜ਼. 'ਦਾਨ ਉਤਸਵ' ਦੀਆਂ ਭਾਈਵਾਲ ਐਨ.ਜੀ.ਓ. ਸਨ।

ਡੀ.ਸੀ. ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ 'ਦਾਨ ਉਤਸਵ' ਤਹਿਤ ਪਾਏ ਯੋਗਦਾਨ ਲਈ ਵਸਨੀਕਾਂ, ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਾਨ ਕੀਤੀਆਂ ਵਸਤੂਆਂ ਹੁਣ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਲੋੜਵੰਦ ਵਿਅਕਤੀਆਂ ਵਿੱਚ ਵੰਡੀਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਅਕਤੀਆਂ ਲਈ ਵਰਤੀਆਂ/ਪੁਰਾਣੀਆਂ ਵਸਤੂਆਂ ਦਾਨ ਕਰਨ ਦੀ ਇਸ ਪ੍ਰਥਾ ਨੂੰ ਜਾਰੀ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਸਮਾਗਮ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਵਸਤੂਆਂ ਹੁਣ ਸਾਡੇ ਘਰਾਂ ਵਿੱਚ ਕੰਮ ਨਹੀਂ ਆਉਂਦੀਆਂ, ਉਹ ਦੂਜਿਆਂ ਲਈ ਸਹਾਈ ਹੋ ਸਕਦੀਆਂ ਹਨ ਅਤੇ ਲੋੜਵੰਦ ਵਿਅਕਤੀਆਂ ਦੇ ਚਿਹਰੇ 'ਤੇ ਮੁਸਕਾਨ ਲਿਆ ਸਕਦੀਆਂ ਹਨ।

ਸ਼ਨੀਵਾਰ ਨੂੰ ਆਯੋਜਿਤ ‘ਵੰਡ ਮੁਹਿੰਮ’ ਦੌਰਾਨ, ਵੱਖ-ਵੱਖ ਗੈਰ-ਸਰਕਾਰੀ ਸੰਗਠਨਾਂ, ਵਿਦਿਆਰਥੀਆਂ ਅਤੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਹੁਤ ਸਾਰੇ ਸਟਾਲ ਵੀ ਲਗਾਏ ਗਏ ਸਨ, ਜਿਸ ਵਿੱਚ ਉਨ੍ਹਾਂ ਨੇ 'ਆਰ.ਆਰ.ਆਰ.' ਦੀ ਪ੍ਰਥਾ ਨੂੰ ਅੱਗੇ ਵਧਾਇਆ ਅਤੇ ਦਰਸ਼ਕਾਂ ਨੂੰ ਵਰਤੀਆਂ / ਪੁਰਾਣੀਆਂ ਚੀਜ਼ਾਂ ਨੂੰ ਰਿਡਊਸ, ਰੀਯੂਜ਼ ਅਤੇ ਰੀਸਾਈਕਲ (ਆਰ.ਆਰ.ਆਰ.) ਕਰਨ ਲਈ ਉਤਸ਼ਾਹਿਤ ਕੀਤਾ। ਕਈ ਗੈਰ-ਸਰਕਾਰੀ ਸੰਗਠਨਾਂ/ਸਵੈ-ਸਹਾਇਤਾ ਸਮੂਹਾਂ ਨੇ ਸਜਾਵਟੀ ਵਸਤੂਆਂ ਸਮੇਤ ਰਹਿੰਦ ਖੂੰਹਦ ਤੋਂ ਬਣੀਆਂ ਵਸਤੂਆਂ ਵੀ ਪ੍ਰਦਰਸ਼ਿਤ ਕੀਤੀਆਂ। ਕੁਝ ਗੈਰ-ਸਰਕਾਰੀ ਸੰਗਠਨਾਂ ਨੇ ਘਰੇਲੂ ਖਾਦ ਬਣਾਉਣ ਨੂੰ ਵੀ ਉਤਸ਼ਾਹਿਤ ਕੀਤਾ ਜਿਸ ਦੀ ਮਦਦ ਨਾਲ ਵਸਨੀਕ ਸਧਾਰਨ ਤਕਨੀਕਾਂ ਦੀ ਵਰਤੋਂ ਕਰਕੇ ਆਪਣੇ ਰਸੋਈ ਦੇ ਕੂੜੇ ਨੂੰ ਖਾਦ ਵਿੱਚ ਬਦਲ ਸਕਦੇ ਹਨ।

ਡੀ.ਸੀ. ਸੁਰਭੀ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਗੈਰ ਸਰਕਾਰੀ ਸੰਗਠਨਾਂ ਦੀ ਸ਼ਲਾਘਾ ਕੀਤੀ ਅਤੇ ਵਸਨੀਕਾਂ ਨੂੰ 'ਹੋਮ ਕੰਪੋਸਟਿੰਗ' ਦੀ ਪ੍ਰਥਾ ਨੂੰ ਅਪਣਾਉਣ ਦੀ ਅਪੀਲ ਕੀਤੀ, ਜਿਸ ਨਾਲ ਘਰ ਦੇ ਕੂੜੇ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ। ਸੰਦੀਪ ਰਿਸ਼ੀ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਿਤ ਕੀਤੇ ਗਏ ਆਰ.ਆਰ.ਆਰ. ਕੇਂਦਰਾਂ ਰਾਹੀਂ ਕੂੜੇ/ਰਹਿੰਦ ਖੂੰਹਦ ਨੂੰ ਰਿਡਊਸ, ਰੀਯੂਜ਼ ਅਤੇ ਰੀਸਾਈਕਲ (ਆਰ.ਆਰ.ਆਰ.) ਕਰਨ ਦੇ ਅਭਿਆਸ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ।


Comments


Logo-LudhianaPlusColorChange_edited.png
bottom of page