19 ਅਕਤੂਬਰ
ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਦਾਖਲੇ ਲਈ ਲਈ ਸਰਵ ਭਾਰਤੀ ਪ੍ਰਵੇਸ਼ ਪ੍ਰੀਖਿਆ ਵਿਚ ਪੀ.ਏ.ਯੂ. ਦੇ 69 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ| ਐੱਮ ਐੱਸ ਸੀ ਅਤੇ ਪੀ ਐੱਚ ਡੀ ਕਰਨ ਲਈ ਸਕਾਲਰਸ਼ਿਪ ਅਤੇ ਫੈਲੋਸ਼ਿਪ ਵਾਲੀਆਂ ਇਹਨਾਂ ਪ੍ਰੀਖਿਆਵਾਂ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ| 23 ਵਿਦਿਆਰਥੀ ਆਈ ਸੀ ਏ ਆਰ ਦੀ ਦਾਖਲਾ ਪ੍ਰੀਖਿਆ ਵਿਚ ਪੋਸਟ ਗ੍ਰੈਜੂਏਸ਼ਨ ਲਈ ਚੁਣੇ ਗਏ| ਇਸਦੇ ਨਾਲ ਹੀ ਪੀ.ਏ.ਯੂ. ਦੇ 46 ਵਿਦਿਆਰਥੀ ਆਈ ਸੀ ਏ ਆਰ ਵੱਲੋਂ ਜੂਨੀਅਰ ਅਤੇ ਸੀਨੀਅਰ ਖੋਜ ਫੈਲੋਸ਼ਿਪ ਦੇ ਇਮਤਿਹਾਨ ਵਿਚ ਸਫਲ ਰਹੇ| ਇਹ ਵਿਦਿਆਰਥੀ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਵਿਚ ਪੀ ਐੱਚ ਡੀ ਦੀ ਖੋਜ ਕਰਨਗੇ|
ਇਥੇ ਜ਼ਿਕਰਯੋਗ ਹੈ ਕਿ ਸਫਲ ਹੋਏ ਵਧੇਰੇ ਵਿਦਿਆਰਥੀ ਬਾਇਓਤਕਨਾਲੋਜੀ ਅਤੇ ਬਾਗਬਾਨੀ ਖੇਤਰ ਵਿਚ ਗ੍ਰੈਜੂਏਸ਼ਨ ਕਰਨ ਵਾਲੇ ਹਨ| ਪੀ ਐੱਚ ਡੀ ਦੇ ਦਾਖਲਿਆਂ ਲਈ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਅਤੇ ਕੀਟ ਵਿਗਿਆਨ ਵਿਭਾਗ ਦੇ ਵਧੇਰੇ ਵਿਦਿਆਰਥੀ ਚੁਣੇ ਗਏ| ਇਸਦੇ ਨਾਲ ਹੀ 9 ਵਿਦਿਆਰਥੀਆਂ ਨੇ 8 ਜਾਂ ਉਸ ਤੋਂ ਉਪਰ ਦੀ ਰੈਂਕਿੰਗ ਹਾਸਲ ਕੀਤੀ| ਦੋ ਵਿਦਿਆਰਥੀ ਸਾਂਝੇ ਰੂਪ ਵਿਚ ਇਕ ਨੰਬਰ ਦੀ ਰੈਂਕਿੰਗ ਲੈਣ ਵਿਚ ਸਫਲ ਰਹੇ|
ਇਹਨਾਂ ਉਭਰਦੇ ਖੋਜੀਆਂ ਨਾਲ ਇਕ ਵਿਸ਼ੇਸ਼ ਮੁਲਾਕਾਤ ਕਾਲਜਾਂ ਦੇ ਡੀਨਾਂ ਅਤੇ ਵਿਭਾਗਾਂ ਦੇ ਮੁਖੀਆਂ ਸਮੇਤ ਹੋਈ| ਇਸ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਸ਼ਾਨਦਾਰ ਸਫਲਤਾ ਨੂੰ ਪੀ.ਏ.ਯੂ. ਦੀ ਅਕਾਦਮਿਕ ਉਚਤਾ ਦਾ ਪ੍ਰਮਾਣ ਕਿਹਾ| ਉਹਨਾਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਹਮੇਸ਼ਾਂ ਤੋਂ ਹੀ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ| ਇਸੇ ਪ੍ਰੰਪਰਾ ਨੂੰ ਅ ਗਾਂਹ ਵਧਾਉਂਦਿਆਂ ਇਹ ਵਿਦਿਆਰਥੀ ਯੂਨੀਵਰਸਿਟੀ ਦਾ ਨਾਮ ਉੱਚਾ ਕਰਨ ਵਿਚ ਸਫਲ ਰਹੇ ਹਨ|ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ ਕੇ ਛੁਨੇਜਾ ਨੇ ਇਸ ਸਫਲਤਾ ਨੂੰ ਵਿਦਿਆਰਥੀਆਂ ਦੇ ਸਮਰਪਣ ਅਤੇ ਲਗਨ ਦੇ ਨਾਲ-ਨਾਲ ਪੀ.ਏ.ਯੂ. ਦੇ ਅਕਾਦਮਿਕ ਮਾਹੌਲ ਦੀ ਕਾਮਯਾਬੀ ਕਿਹਾ| ਉਹਨਾਂ ਕਿਹਾ ਕਿ ਇਸ ਨਾਲ ਪੀ.ਏ.ਯੂ. ਦੇ ਅਧਿਆਪਨ ਅਤੇ ਖੋਜ ਪ੍ਰੋਗਰਾਮਾਂ ਦੀ ਪ੍ਰਮਾਣਿਕਤਾ ਸਿੱਧ ਹੁੰਦੀ ਹੈ|
ਗੌਰਤਲਬ ਹੈ ਕਿ ਨੈਸ਼ਨਲ ਟੈਂਸਟਿੰਗ ਏਜੰਸੀ ਵੱਲੋਂ ਪੋਸਟ ਗ੍ਰੈਜੂਏਸ਼ਨ ਲਈ ਕਰਵਾਈ ਜਾਣ ਵਾਲੀ ਆਈ ਸੀ ਏ ਆਰ ਸਰਵ ਭਾਰਤੀ ਪ੍ਰਵੇਸ਼ ਪ੍ਰੀਖਿਆ ਖੇਤੀ ਨਾਲ ਸੰਬੰਧਤ ਵਿਗਿਆਨਾਂ ਦੇ ਖੇਤਰ ਵਿਚ ਵੱਕਾਰੀ ਗਿਣੀ ਜਾਂਦੀ ਹੈ| ਇਹ ਪ੍ਰਵੇਸ਼ ਪ੍ਰੀਖਿਆ ਵਿਦਿਆਰਥੀ ਦੀ ਯੋਗਤਾ ਦਾ ਮੁਲਾਂਕਣ ਬੜੇ ਸਖਤ ਤਰੀਕੇ ਨਾਲ ਕਰਦੀ ਹੈ| ਇਸ ਪ੍ਰੀਕ੍ਰਿਆ ਵਿੱਚੋਂ ਲੰਘ ਕੇ ਐੱਮ ਐੱਸ ਸੀ ਕਰਨ ਵਾਲੇ ਵਿਦਿਆਰਥੀ ਨੂੰ 12,640 ਰੁਪਏ ਮਾਸਿਕ ਸਕਾਲਰਸ਼ਿਪ ਅਤੇ 6,000 ਰੁਪਏ ਸਲਾਨਾ ਫੁਟਕਲ ਖਰਚੇ ਲਈ ਮਿਲਦੇ ਹਨ| ਜੂਨੀਅਰ ਅਤੇ ਸੀਨੀਅਰ ਫੈਲੋਸ਼ਿਪ ਪ੍ਰੀਖਿਆ ਪਾਸ ਕਰਕੇ ਪੀ ਐੱਚ ਡੀ ਕਰਨ ਵਾਲੇ ਵਿਦਿਆਰਥੀ ਨੂੰ ਪਹਿਲੇ ਦੋ ਸਾਲ ਲਈ 31,000 ਰੁਪਏ ਅਤੇ ਤੀਸਰੇ ਸਾਲ ਤੋਂ 35,000 ਰੁਪਏ ਮਾਸਿਕ ਵਜ਼ੀਫਾ ਮਿਲਦਾ ਹੈ| ਇਸ ਤੋਂ ਇਲਾਵਾ 3 ਸਾਲਾਂ ਲਈ 10,000 ਰੁਪਏ ਸਲਾਨਾ ਫੁਟਕਲ ਖਰਚਾ ਵੀ ਦਿੱਤਾ ਜਾਂਦਾ ਹੈ|
Comments