18 ਅਕਤੂਬਰ
ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਬਹੁਤਕਨੀਕੀ ਕਾਲਜ, ਲੁਧਿਆਣਾ ਵਿਖੇ ਭਲਕੇ 19 ਤੇ 20 ਅਕਤੂਬਰ ਨੂੰ ਦੋ ਰੋਜ਼ਾ ਅੰਤਰ ਬੁਹਤਕਨੀਕੀ ਕਾਲਜ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬ ਸਰਕਾਰ ਅਧੀਨ ਤਕਨੀਕੀ ਸਿੱਖਿਆ ਵਿਭਾਗ ਦੀ ਪੰਜਾਬ ਟੈਕਨੀਕਲ ਸਪੋਰਟਸ ਇੰਸਟੀਚਿਊਸ਼ਨਜ਼ ਬਾਡੀ ਵੱਲੋਂ ਅੰਤਰ ਬੁਹਤਕਨੀਕੀ ਕਾਲਜਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਐਸ.ਆਰ.ਐਸ. ਸਰਕਾਰੀ ਬਹੁਤਕਨੀਕੀ ਕਾਲਜ ਦੇ ਖੇਡ ਅਫ਼ਸਰ ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸੀਪਲ ਮਨੋਜ ਜਾਂਬਲਾ ਦੀ ਅਗਵਾਈ ਵਿੱਚ ਇਨ੍ਹਾਂ ਦੋ ਰੋਜ਼ਾ ਖੇਡ ਮੁਕਾਬਲਿਆਂ ਵਿੱਚ ਪੰਜਾਬ ਭਰ ਵਿੱਚੋਂ ਖੋ-ਖੋ ਅਤੇ ਕਬੱਡੀ ਦੀਆਂ ਦੋ ਦਰਜ਼ਨ ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵਲੋਂ ਕੀਤਾ ਜਾਵੇਗਾ। ਟੀਮਾਂ ਲਈ ਰਿਹਾਇਸ਼ ਸਮੇਤ ਸਾਰੇ ਪੁੱਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾ ਇਹ ਵੀ ਦੱਸਿਆ ਕਿ ਹੁਣ ਇਹ ਕਾਲਜ ਕੋ-ਐਡ ਹੋਣ ਬਾਅਦ ਪਹਿਲੀ ਵਾਰ ਮੁੰਡੇ-ਕੁੜੀਆਂ ਦੇ ਕਬੱਡੀ, ਖੋ ਖੋ ਦੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਸਬੰਧੀ ਖੇਡ ਮੈਦਾਨ, ਸਟਾਫ ਆਦਿ ਲਈ ਉਚੇਚੇ ਤੌਰ 'ਤੇ ਤਵੱਜ਼ੋਂ ਦਿੱਤੀ ਗਈ ਹੈ ਤਾਂ ਜੋ ਖੇਡਾਂ ਦੌਰਾਨ ਕਿਸੇ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਪੰਜਾਬ ਦੇ ਦੂਜੇ ਕਾਲਜਾਂ ਵਿੱਚ ਵੀ ਇਸ ਕਾਲਜ ਵਿੱਚੋਂ ਵਾਲੀਬਾਲ, ਬੈਡਮਿੰਟਨ, ਹੈਂਡਬਾਲ, ਟੇਬਲ ਟੈਨਿਸ ਦੀਆਂ ਲੜਕੇ ਲੜਕੀਆਂ ਦੀਆਂ ਟੀਮਾਂ ਖੇਡਣ ਲਈ ਜਾ ਰਹੀਆਂ ਹਨ।
Comments