17 ਅਕਤੂਬਰ
ਪੀ.ਏ.ਯੂ. ਵਿਚ ਜਾਰੀ ਖੇਤੀ ਅਜਾਇਬ ਘਰਾਂ ਦੀ 20ਵੀਂ ਕਾਨਫਰੰਸ ਦੌਰਾਨ ਕੱਲ ਸ਼ਾਮ ਪੰਜਾਬੀ ਸੱਭਿਆਚਾਰ ਦੇ ਵਿਸ਼ੇਸ਼ ਰੰਗ ਬਿਖੇਰਨ ਵਾਲੀ ਸਾਬਿਤ ਹੋਈ| ਪੀ.ਏ.ਯੂ. ਵਿਖੇ ਸਥਿਤ ਪੇਂਡੂ ਜੀਵਨ ਅਤੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਵਿਖੇ ਮਹਿਮਾਨਾਂ ਨੂੰ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਤੋਂ ਜਾਣੂੰ ਕਰਾਉਣ ਲਈ ਵਿਸ਼ੇਸ਼ ਇਕੱਤਰਤਾ ਹੋਈ| ਇਸ ਇਕੱਤਰਤਾ ਅਤੇ ਰੰਗਾਰੰਗ ਸ਼ਾਮ ਦੀ ਸ਼ੋਭਾ ਵਧਾਉਣ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਵਿਸ਼ਵ ਭੋਜਨ ਪੁਰਸਕਾਰ ਜੇਤੂ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਹਰਵੰਤ ਕੌਰ ਖੁਸ਼, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਕੁਮਾਰੀ ਸੁਰਭੀ ਮਲਿਕ, ਖੇਤੀ ਅਜਾਇਬ ਘਰਾਂ ਦੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਪ੍ਰੋ. ਸੁਰਜੀਤ ਸਰਕਾਰ, ਅਮਰੀਕਾ ਦੇ ਹੈਨਰੀ ਫੋਰਡ ਅਜਾਇਬ ਘਰ ਦੀ ਕਾਰਕੁੰਨ ਪ੍ਰੋ. ਡੈਬਰਾ ਰੀਡ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪੀ.ਕੇ. ਛੁਨੇਜਾ, ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਡਾ. ਮਾਨਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਪਤਵੰਤੇ ਹਾਜ਼ਰ ਸਨ| ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਇਸ ਸ਼ਾਮ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਤੋਂ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਅਜਾਇਬ ਘਰ ਦੀ ਇਮਾਰਤ ਨੂੰ ਹਵੇਲੀ ਵਾਂਗ ਸਜਾ ਕੇ ਅਤੇ ਢੋਲ ਦੀ ਥਾਪ ਤੇ ਪੰਜਾਬ ਦੀਆਂ ਰਵਾਇਤੀ ਮਠਿਆਈਆਂ ਅਤੇ ਲੱਡੂ ਪੇਸ਼ ਕਰਕੇ ਪੁਰਾਣੇ ਦ੍ਰਿਸ਼ ਸਾਕਾਰ ਕਰਨ ਦੀ ਕੋਸ਼ਿਸ਼ ਹੈ| ਇਸ ਮੌਕੇ ਮਹਿਮਾਨਾਂ ਨੂੰ ਮਿਊਜ਼ੀਅਮ ਵਿਚ ਸਥਾਪਿਤ ਕਲਾਕ੍ਰਿਤਾਂ ਅਤੇ ਵਸਤੂਆਂ ਤੋਂ ਜਾਣੂੰ ਕਰਵਾਇਆ ਗਿਆ| ਮਹਿਮਾਨਾਂ ਨੇ ਪੁਰਾਤਨ ਯੁੱਗ ਦੇ ਭਾਂਡੇ, ਮਿੱਟੀ ਦੇ ਭਾਂਡੇ, ਦਰੀਆਂ, ਸਿੱਕੇ, ਕੰਮਕਾਜ ਦੀਆਂ ਚੀਜ਼ਾਂ, ਫੁਲਕਾਰੀਆਂ ਅਤੇ ਪੰਜਾਬੀ ਜਨਜੀਵਨ ਦੀਆਂ ਹੋਰ ਵਸਤਾਂ ਨੂੰ ਮਾਣਿਆ| ਇਹ ਸਾਰਾ ਦ੍ਰਿਸ਼ 18ਵੀਂ-19ਵੀਂ ਸਦੀ ਦੇ ਪੰਜਾਬੀ ਸੱਭਿਆਚਾਰ ਨੂੰ ਜੀਵਤ ਕਰਨ ਵਾਲਾ ਸੀ|
ਪ੍ਰੋ. ਡੈਬਰਾ ਰੀਡ ਨੇ ਇਸ ਮੌਕੇ ਕਿਹਾ ਕਿ ਉਹ ਪੰਜਾਬੀ ਸੱਭਿਆਚਾਰ ਦੀ ਇਸ ਜੀਵੰਤਤਾ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ| ਉਹਨਾਂ ਕਿਹਾ ਕਿ ਅਜਾਇਬ ਘਰ ਇਤਿਹਾਸ ਨੂੰ ਜੀਣ ਦਾ ਅਮਲ ਹੁੰਦਾ ਹੈ ਅਤੇ ਪੀ.ਏ.ਯੂ. ਨੇ ਇਸ ਇਤਿਹਾਸ ਨੂੰ ਬੜੇ ਸਜੀਵ ਰੂਪ ਵਿਚ ਸੰਭਾਲਿਆ ਹੋਇਆ ਹੈ| ਇਸ ਮੌਕੇ ਪੰਜਾਬ ਦੇ ਲੋਕ-ਨਾਚ ਅਤੇ ਲੋਕ-ਗੀਤ ਵੀ ਪੇਸ਼ ਕੀਤੇ ਗਏ| ਇਸ ਕਾਨਫਰੰਸ ਦੇ ਦੂਸਰੇ ਦਿਨ ਤਕਨੀਕੀ ਸ਼ੈਸਨ ਹੋਇਆ ਜਿਸ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਡਾ. ਗੋਸਲ ਨੇ ਕਿਹਾ ਕਿ ਇਹ ਕਾਨਫਰੰਸ ਬੇਹੱਦ ਸਫਲ ਰਹੀ ਹੈ| ਇਸ ਨਾਲ ਨਾ ਸਿਰਫ ਪੰਜਾਬ ਬਲਕਿ ਦੇਸ਼ ਅਤੇ ਦੁਨੀਆਂ ਦੇ ਖੇਤੀ ਵਿਕਾਸ ਸੰਬੰਧੀ ਅਜਾਇਬ ਘਰਾਂ ਨੂੰ ਜਾਣਿਆ ਜਾ ਸਕਿਆ ਹੈ| ਉਹਨਾਂ ਕਿਹਾ ਕਿ ਵਿਚਾਰਾਂ ਦੇ ਅਦਾਨ ਪ੍ਰਦਾਨ ਨਾਲ ਪੀ.ਏ.ਯੂ. ਵਿਚ ਸਥਾਪਿਤ ਅਜਾਇਬ ਘਰਾਂ ਨੂੰ ਹੋਰ ਬਿਹਤਰ ਬਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ| ਇਸ ਸ਼ੈਸਨ ਵਿਚ ਅਮਰੀਕਾ ਦੇ ਹਾਵੇਲ ਲਿਵਿੰਗ ਹਿਸਟਰੀ ਫਾਰਮ ਦੇ ਨਿਰਦੇਸ਼ਕ ਡਾ. ਪੀਟ ਵਟਸਨ ਅਤੇ ਡਾ. ਡੈਬਰਾ ਰੀਡ ਨੇ ਅਮਰੀਕਾ ਵਿਚ ਖੇਤੀ ਦੀ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ| ਦੋਵਾਂ ਨੇ ਦੱਸਿਆ ਕਿ ਅਮਰੀਕਾ ਵਿਚ ਨਵੀਆਂ ਨਸਲਾਂ ਨੂੰ ਖੇਤੀ ਦੇ ਮਹਾਨ ਵਿਰਸੇ ਤੋਂ ਜਾਣੂੰ ਕਰਵਾਉਣ ਲਈ ਇਹ ਅਜਾਇਬ ਘਰ ਆਪਣਾ ਕਾਰਜ ਬਾਖੂਬੀ ਕਰ ਰਹੇ ਹਨ|
ਭਾਰਤ ਵਿਚ ਖੇਤੀ ਅਜਾਇਬ ਘਰਾਂ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਪੇਸ਼ਕਾਰੀ ਸ਼੍ਰੀ ਸੱਜਣ ਜ਼ੋਸਫ ਅਤੇ ਪ੍ਰੋ. ਸੁਰਜੀਤ ਸਰਕਾਰ ਨੇ ਦਿੱਤੀ| ਉਹਨਾਂ ਨੇ ਹੈਦਰਾਬਾਦ ਅਤੇ ਅੰਬੇਦਕਰ ਯੂਨੀਵਰਸਿਟੀ ਦਿੱਲੀ ਤੋਂ ਇਲਾਵਾ ਕੋਚੀ ਦੇ ਅਜਾਇਬ ਘਰਾਂ ਵਿਚ ਖੇਤੀ ਸੰਬੰਧੀ ਵਸਤਾਂ ਦੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ| ਪੀ.ਏ.ਯੂ. ਦੇ ਮਾਹਿਰਾਂ ਨੇ ਯੂਨੀਵਰਸਿਟੀ ਦੇ ਅਜਾਇਬ ਘਰਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਨ•ਾਂ ਵਿਚ ਸਾਇਲ ਮਿਊਜ਼ੀਅਮ, ਕੀਟ ਅਜਾਇਬ ਘਰ, ਅਤੇ ਹਰੀ ਕ੍ਰਾਂਤੀ ਅਜਾਇਬ ਘਰ ਸੰਬੰਧੀ ਪੇਸ਼ਕਾਰੀਆਂ ਦਿੱਤੀਆਂ ਗਈਆਂ| ਮੁੰਬਈ ਦੇ ਪੁਰਾਤਤਵ ਵਿਗਿਆਨੀ ਡਾ. ਕੁਰਸ਼ਦਲਾਲ ਨੇ ਪੁਰਾਤਨ ਸਮੇਂ ਵਿਚ ਮਨੁੱਖ ਵੱਲੋਂ ਖਾਧੇ ਜਾਂਦੇ ਭੋਜਨ ਪਦਾਰਥਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਮਾਹਿਰਾਂ ਨੂੰ ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਜਾਇਬ ਘਰ ਅਤੇ ਕੁਦਰਤੀ ਇਤਿਹਾਸ ਅਜਾਇਬ ਘਰਾ ਦਾ ਦੌਰਾ ਕਰਵਾਇਆ ਗਿਆ| ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਮਾਨਵਇੰਦਰ ਸਿੰਘ ਗਿੱਲ ਨੇ ਕਹੇ| ਇਸ ਸਮਾਰੋਹ ਦੇ ਸੰਚਾਲਕ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਸਨ|
Comments