ਲੁਧਿਆਣਾ, 25 ਸਤੰਬਰ
ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 93 ਅਧੀਨ ਟੰਡਨ ਨਗਰ 'ਚ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਨ੍ਹਾਂ ਗਲੀਆਂ ਦੇ ਪੁਨਰ ਨਿਰਮਾਣ 'ਤੇ ਕਰੀਬ 69.32 ਲੱਖ ਰੁਪਏ ਖਰਚ ਕੀਤੇ ਜਾਣਗੇ। ਉਦਘਾਟਨ ਕਰਨ ਉਪਰੰਤ ਵਿਧਾਇਕ ਬੱਗਾ ਨੇ ਆਪਣੇ ਡੇਢ ਸਾਲ ਵਿਧਾਇਕ ਕਾਰਜਕਾਲ ਦੌਰਾਨ ਵਿਧਾਨ ਸਭਾ ਉਤਰੀ ਵਿੱਚ ਹੋਏ ਵਿਕਾਸ ਕਾਰਜਾਂ ਦੀ ਚਰਚਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਕਸਦ ਸੂਬੇ ਖਾਸ ਕਰਕੇ ਵਿਧਾਨ ਸਭਾ ਉਤਰੀ ਦਾ ਬਹੁਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਆਪਣੇ ਵਲੋਂ ਤਿਆਰ ਕੀਤੀਆਂ ਵਿਕਾਸ ਲਈ ਭਵਿੱਖ ਦੀਆਂ ਯੋਜਨਾਵਾਂ ਅਤੇ ਆਪਣੇ ਸੁਪਨਿਆਂ ਦੇ ਪ੍ਰੋਜੈਕਟਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਉੱਤਰੀ ਦੇ ਵਿਚਕਾਰੋਂ ਲੰਘਦੇ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਰਹਿਤ ਬਣਾ ਕੇ ਸਾਫ਼ ਸੁਥਰਾ ਵਾਤਾਵਰਨ ਪ੍ਰਦਾਨ ਕਰਨਾ ਉਨ੍ਹਾਂ ਦਾ ਪੁਰਾਣਾ ਸੁਪਨਾ ਹੈ, ਜਿਸ ਲਈ ਕੋਸ਼ਿਸ਼ਾਂ ਜਾਰੀ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਕੋਸ਼ਿਸ਼ਾ ਤਹਿਤ ਬਿਜਲੀ ਦੀਆਂ ਤਾਰਾਂ ਦੇ ਨੈੱਟਵਰਕ ਦੇ ਸੂਧਾਰ ਨਾਲ-ਨਾਲ 50 ਤੋਂ ਵੱਧ ਨਵੇਂ ਟਰਾਂਸਫਾਰਮਰ ਲਗਵਾਏ ਗਏ ਹਨ। ਸਾਲਾਂ ਤੋਂ ਟੁੱਟੀਆਂ ਸੜਕਾਂ ਦਾ ਨਿਰਮਾਣ, ਸਫਾਈ ਵਿਵਸਥਾ ਵਿੱਚ ਵੀ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 93 ਦੀਆਂ ਗਲੀਆਂ ਦਾ ਨਿਰਮਾਣ ਕਾਰਜ ਵੀ ਇਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਕਾਸ ਲਈ 24 ਘੰਟੇ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰਕੇ ਲਿਖਤੀ ਜਾਂ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
Comments