12 ਅਕਤੂਬਰ
ਜ਼ਿਲ੍ਹੇ ਵਿੱਚ ਆਪਦਾ ਸਥਿਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਸਥਾਨਕ ਗਿਆਸਪੁਰਾ ਇਲਾਕੇ ਵਿੱਚ ਸਥਿਤ ਹੀਰੋ ਸਟੀਲ ਲਿਮਟਿਡ ਵਿਖੇ ਕੈਮੀਕਲ ਐਮਰਜੈਂਸੀ ਬਾਰੇ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੌਤਮ ਜੈਨ ਅਤੇ ਉਪ ਮੰਡਲ ਮੈਜਿਸਟਰੇਟ ਡਾ. ਹਰਜਿੰਦਰ ਸਿੰਘ ਨੇ ਸਮੁੱਚੇ ਅਭਿਆਸ ਦਾ ਨਿਰੀਖਣ ਕਰਦਿਆਂ ਦੱਸਿਆ ਕਿ ਇਸ ਮੌਕ ਡਰਿੱਲ ਦਾ ਉਦੇਸ਼ ਮੰਦਭਾਗੀ ਘਟਨਾਵਾਂ ਦੀ ਸਥਿਤੀ ਮੌਕੇ ਤੁਰੰਤ ਰਾਹਤ ਕਾਰਜ਼ਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਦਾ ਉਦੇਸ਼ ਸਰਕਾਰੀ ਤੰਤਰ ਦੇ ਨਾਲ-ਨਾਲ ਹੀਰੋ ਸਟੀਲ ਲਿਮਟਿਡ ਦੇ ਕਰਮਚਾਰੀਆਂ ਵਿੱਚ ਵੀ ਜਾਗਰੂਕਤਾ ਪੈਦਾ ਕਰਨਾ ਹੈ ਕਿ ਉਹਨਾਂ ਨੂੰ ਹੰਗਾਮੀ ਸਥਿਤੀ ਵਿੱਚ ਕਿਵੇਂ ਤਿਆਰ ਰਹਿਣਾ ਚਾਹੀਦਾ ਹੈ।
ਅਭਿਆਸ ਦੌਰਾਨ ਰਸਾਇਣਕ ਐਮਰਜੈਂਸੀ ਦੀ ਸਥਿਤੀ ਵਿੱਚ ਰੋਕਥਾਮ ਅਤੇ ਸਵੈ-ਸੁਰੱਖਿਆ ਦੇ ਉਪਾਵਾਂ ਬਾਰੇ ਪ੍ਰਦਰਸ਼ਨ ਵੀ ਕੀਤੇ ਗਏ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ), ਲਾਡੋਵਾਲ ਦੀ ਟੀਮ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ), ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਪੈਰਾਮੈਡਿਕਸ ਅਤੇ ਹੋਰ ਭਾਗੀਦਾਰਾਂ ਦੁਆਰਾ ਰਸਾਇਣਕ ਐਮਰਜੈਂਸੀ (ਹਾਈਡ੍ਰੋਕਲੋਰਿਕ ਐਸਿਡ ਲੀਕ) ਤੋਂ ਲੋਕਾਂ ਨੂੰ ਬਚਾਉਣ ਲਈ ਹੁਨਰ ਅਤੇ ਤਕਨੀਕਾਂ ਦਾ ਪ੍ਰਦਰਸ਼ਨ ਕਰਨ ਵਾਲੀ ਇੱਕ ਪ੍ਰਭਾਵਸ਼ਾਲੀ ਮੌਕ ਡਰਿੱਲ ਵੀ ਪੇਸ਼ ਕੀਤੀ ਗਈ। ਡੀ.ਐਲ. ਜਾਖੜ, ਕੰਪਨੀ ਕਮਾਂਡਰ, ਐਨ.ਡੀ.ਆਰ.ਐਫ. ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸਬੰਧਤ ਅਧਿਕਾਰੀਆਂ ਨੇ ਹੁਨਰ ਦਿਖਾਇਆ ਕਿ ਕਿਵੇਂ ਕਿਸੇ ਕੈਮੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਨੂੰ ਬਚਾਇਆ ਜਾ ਸਕਦਾ ਅਤੇ ਇਲਾਜ ਕੀਤਾ ਜਾ ਸਕਦਾ ਹੈ, ਜਿਵੇਂ ਅੱਜ ਹਾਈਡ੍ਰੋਕਲੋਰਿਕ ਐਸਿਡ ਲੀਕ ਮਾਮਲੇ ਦੀ ਪ੍ਰੈਕਟਿਸ ਕੀਤੀ ਗਈ। ਬਚਾਅ ਟੀਮਾਂ ਨੇ ਆਪਣੇ ਆਪਰੇਸ਼ਨ ਦੇ ਹਿੱਸੇ ਵਜੋਂ ਜ਼ਹਿਰੀਲੇ ਪੱਧਰ ਦੇ ਆਧਾਰ 'ਤੇ ਪ੍ਰਭਾਵਿਤ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਮੌਕ ਡਰਿੱਲ ਦਾ ਆਯੋਜਨ ਸਾਰੇ ਭਾਗੀਦਾਰਾਂ ਵਿੱਚ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ ਤਾਂ ਜੋ ਉਹ ਆਪਦਾ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਦੇ ਸਬੰਧ ਵਿੱਚ ਆਪਣੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਸਕਣ। ਇਸ ਤੋਂ ਇਲਾਵਾ, ਅਜਿਹੀ ਸਥਿਤੀ ਮੌਕੇ ਪ੍ਰਤੀਕ੍ਰਿਆ ਸਮਾਂ ਘਟਾਉਣ 'ਤੇ ਵੀ ਧਿਆਨ ਕੇਂਦ੍ਰਤ ਕੀਤਾ ਗਿਆ ਤਾਂ ਜੋ ਬਚਾਅ ਕਾਰਜਾਂ ਦੌਰਾਨ ਬਿਹਤਰ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਇਸ ਗੱਲ 'ਤੇ ਵੀ ਤਸੱਲੀ ਪ੍ਰਗਟਾਈ ਕਿ ਮੌਕ ਡਰਿੱਲ ਬਾਰੇ ਸੁਚੇਤ ਹੋਣ 'ਤੇ ਹਰ ਭਾਗੀਦਾਰ ਵਲੋਂ ਸਮੇਂ ਸਿਰ ਸਮਾਗਮ ਵਾਲੀ ਥਾਂ 'ਤੇ ਪਹੁੰਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਅੱਜ ਦੀ ਮੌਕ ਡਰਿੱਲ ਦਾ ਮੁੱਖ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਕਿਸੇ ਵਿਸ਼ੇਸ਼ ਸਥਾਨ 'ਤੇ ਪਹੁੰਚਣ ਲਈ ਸਬੰਧਤ ਧਿਰਾਂ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੈਂਬਰਾਂ ਨੂੰ ਕਿੰਨਾ ਸਮਾਂ ਲੱਗਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਅਤੇ ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਮੌਕ ਡਰਿੱਲਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਹੀਰੋ ਸਟੀਲਜ਼ ਲਿਮਟਿਡ ਦੇ ਪ੍ਰਬੰਧਕਾਂ ਦਾ ਇਸ ਅਭਿਆਸ ਵਿੱਚ ਸਹਿਯੋਗ ਲਈ ਵੀ ਧੰਨਵਾਦ ਕੀਤਾ। ਐਸ.ਡੀ.ਐਮ. ਡਾ.ਹਰਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਉਦਯੋਗਿਕ ਹੱਬ ਹੋਣ ਦੇ ਨਾਤੇ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਅਭਿਆਸ ਕਰਵਾਏ ਜਾਣਗੇ।
Comments