ਲੁਧਿਆਣਾ, 25 ਸਤੰਬਰ
ਦੇਸ਼ ਅਤੇ ਵਿਦੇਸ਼ਾਂ ਵਿੱਚ ਬੇਹੱਦ ਪ੍ਰਸਿੱਧੀ ਖੱਟਣ ਵਾਲਾ 'ਖੇਤਰੀ ਸਰਸ ਮੇਲਾ' ਇੱਕ ਵਾਰ ਫਿਰ ਸ਼ਹਿਰ ਲੁਧਿਆਣਾ ਵਿਖੇ ਲਗਾਇਆ ਜਾ ਰਿਹਾ ਹੈ, ਜੋ ਕਿ ਸ਼ਹਿਰ ਲੁਧਿਆਣਾ ਅਤੇ ਇਸਦੇ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਸੰਬੰਧੀ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚ ਲੱਗਣ ਵਾਲੇ ਇਸ ਮੇਲੇ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਸ਼ਹਿਰ ਲੁਧਿਆਣਾ ਨੂੰ ਤੀਜੀ ਵਾਰ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2012 ਅਤੇ 2017 ਵਿੱਚ ਇਹ ਮੇਲਾ ਲੁਧਿਆਣਾ ਵਿਖੇ ਸਫ਼ਲਤਾਪੂਰਵਕ ਲਗਾਇਆ ਗਿਆ ਸੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਹ ਮੇਲਾ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ ਮਿਤੀ 27 ਅਕਤੂਬਰ ਤੋਂ 05 ਨਵੰਬਰ, 2023 ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਕਈ ਸੂਬਿਆਂ ਦੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈਣਗੇ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ ਮਸਤੀ ਦਾ ਆਨੰਦ ਮਾਣਨਗੇ। ਸ੍ਰੀਮਤੀ ਸੁਰਭੀ ਨੇ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਹੁਣੇ ਤੋਂ ਹੀ ਤਿਆਰੀਆਂ ਵਿੱਚ ਜੁਟ ਜਾਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਇਸ ਮੇਜ਼ਬਾਨੀ ਲਈ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਡਿਪਟੀ ਕਮਿਸ਼ਨਰ ਵੱਲੋਂ ਇਸ 'ਖੇਤਰੀ ਸਰਸ ਮੇਲੇ' ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਸਮੇਂ ਸਿਰ ਨੇਪਰੇ ਚਾੜਨ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਦੀਆਂ ਵੱਖ-ਵੱਖ ਕਮੇਟੀਆਂ ਗਠਿਤ ਕਰਕੇ ਕੰਮ ਅਲਾਟ ਕਰ ਦਿੱਤੇ ਗਏ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ 20 ਤੋਂ ਵਧੇਰੇ ਰਾਜਾਂ ਤੋਂ ਕਲਾਕਾਰ ਅਤੇ ਦਸਤਕਾਰ ਪਹੁੰਚਣ ਦੀ ਸੰਭਾਵਨਾ ਹੈ। ਮੇਲੇ ਵਿੱਚ 220 ਤੋਂ ਵਧੇਰੇ ਸਟਾਲਾਂ (ਦੁਕਾਨਾਂ) ਲਗਾਈਆਂ ਜਾਣਗੀਆਂ।
ਜਿਨ੍ਹਾਂ ਵਿੱਚ 35-40 ਇਕੱਲੇ ਫੂਡ ਸਟਾਲ ਹੋਣਗੇ। ਮੇਲੇ ਦੌਰਾਨ ਵੱਖ-ਵੱਖ ਸੂਬਿਆਂ (ਖਾਸ ਕਰਕੇ ਰਾਜਸਥਾਨ, ਗੁਜਰਾਤ ਅਤੇ ਦੱਖਣੀ ਸੂਬੇ) ਦੇ ਖਾਣੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਬੱਚਿਆਂ ਦੇ ਮਨੋਰੰਜਨ ਲਈ ਅਜਿਹੇ ਝੂਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਤਰ੍ਹਾਂ ਦੇ ਪਹਿਲਾਂ ਕਦੇ ਵੀ ਨਹੀਂ ਦੇਖੇ ਗਏ ਹੋਣਗੇ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਫਨਕਾਰਾਂ ਵੱਲੋਂ ਆਪਣੇ ਕਲਾ ਦੇ ਰੰਗ ਵੀ ਬਿਖ਼ੇਰੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸਫ਼ਲ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਦੀ ਸਫ਼ਲਤਾ ਵਿੱਚ ਕੋਈ ਕਸਰ ਬਾਕੀ ਨਾ ਰਹਿ ਸਕੇ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੇਲਾ ਅਫ਼ਸਰ ਸ੍ਰੀ ਰੁਪਿੰਦਰਪਾਲ ਸਿੰਘ, ਸ੍ਰੀ ਅਮਰਜੀਤ ਸਿੰਘ ਬੈਂਸ ਏ.ਸੀ.ਏ ਗਲਾਡਾ, ਹਰਜਿੰਦਰ ਸਿੰਘ ਉਪ ਮੰਡਲ ਮੈਜਿਟਰੇਟ ਲੁਧਿਆਣਾ ਪੱਛਮੀ, ਗੁਰਸਿਮਰਨ ਸਿੰਘ ਢਿੱਲੋਂ ਉਪ ਮੰਡਲ ਮੈਜਿਸਟਰੇਟ ਲੁਧਿਆਣਾ ਪੂਰਬੀ, ਉਪਿੰਦਰਜੀਤ ਕੌਰ ਸਹਾਇਕ ਕਮਿਸ਼ਨਰ (ਜ) ਲੁਧਿਆਣਾ ਤੋਂ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।
Comments