10 ਅਕਤੂਬਰ
ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਪੁਲਸ ਵੱਲੋਂ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਖਹਿਰਾ ਨੂੰ ਮੁੜ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।ਪੁਲਸ ਖਹਿਰਾ ਨੂੰ ਨਾਭਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ। ਪੁਲਸ ਵੱਲੋਂ ਰਿਵੀਜ਼ਨ ਪਟੀਸ਼ਨ ਪਾਈ ਗਈ ਸੀ।
ਇਸ ਦੇ ਨਾਲ ਹੀ SIT ਨੇ ਦਾਅਵਾ ਕੀਤਾ ਹੈ ਕਿ ਉਸਨੂੰ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ SIT ਨੂੰ ਸਬੂਤ ਮਿਲੇ ਹਨ, ਜੋ ਸੁਖਪਾਲ ਸਿੰਘ ਖਹਿਰਾ ਅਤੇ ਸਮੱਗਲਰ ਗੁਰਦੇਵ ਸਿੰਘ ਵਿਚਕਾਰ ਸੰਬੰਧਾਂ ਦਾ ਖੁਲਾਸਾ ਕਰਦੇ ਹਨ।ਉਨ੍ਹਾਂ ਕਿਹਾ ਕਿ ਖਹਿਰਾ ਨੇ ਗੁਰਦੇਵ ਸਿੰਘ ਦੀ ਮਦਦ ਲਈ ਫਰੀਦਕੋਟ ਦੇ IG ਅਤੇ ਫਿਰੋਜ਼ਪੁਰ ਦੇ DIG ਨੂੰ ਕਾਲਾਂ ਕੀਤੀਆਂ ਸਨ। ਇਹੀ ਕਾਰਨ ਹੈ ਕਿ ਪੁਲਸ ਖਹਿਰਾ ਦਾ ਫੋਨ ਬਰਾਮਦ ਕਰਨਾ ਚਾਹੁੰਦੀ ਹੈ ਅਤੇ ਪੁਲਸ ਨੇ ਪਿਛਲੀ ਪੇਸ਼ੀ 'ਚ ਇਸ ਦੇ ਆਧਾਰ 'ਤੇ ਰਿਮਾਂਡ ਵੀ ਹਾਸਲ ਕੀਤਾ ਸੀ।ਉਨ੍ਹਾਂ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਵਿਚਕਾਰ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਸੁਖਪਾਲ ਸਿੰਘ ਖਹਿਰਾ ਦੇ ਕੁੱਲ 3 ਫੋਨ ਸਨ। ਪੁਲਸ ਇਨ੍ਹਾਂ ਮੋਬਾਈਲਾਂ ਨੂੰ ਬਰਾਮਦ ਕਰਨਾ ਚਾਹੁੰਦੀ ਹੈ।ਜ਼ਿਕਰਯੋਗ ਹੈ ਕਿ ਭੁਲੱਥ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 28 ਸਤੰਬਰ ਨੂੰ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਇਸ ਗਿਰਫਤਾਰੀ ਮਗਰੋਂ ਕਾਂਗਰਸ ਪਾਰਟੀ ਵਿਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।
Comentarios