ਲੁਧਿਆਣਾ 08, ਅਕਤੂਬਰ
ਪੰਜਾਬ ਵਿੱਚ ਚੱਲ ਰਹੇ ਗਊ ਤਸਕਰੀ ਦੇ ਮਾਮਲਿਆਂ ’ਚ ਕੁੰਭਕਰਨੀ ਨੀਂਦ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ 15 ਅਕਤੂਬਰ ਨੂੰ ਰੋਸ਼ ਮਾਰਚ ਕੱਢਿਆ ਜਾਵੇਗਾ। ਸ਼੍ਰੀ ਹਿੰਦੂ ਨਿਆਏ ਪੀਠ ਵੱਲੋਂ ਸੰਤ ਸਮਾਜ ਦੀ ਅਗਵਾਈ ਹੇਠ ਆਯੋਜਿਤ ਰੋਸ਼ ਮਾਰਚ ਸਥਾਨਕ ਘੰਟਾ ਘਰ ਚੌਕ ਤੋਂ ਸ਼ੁਰੂ ਹੋ ਕੇ ਡਿਵੀਜ਼ਨ ਨੰ. 3 ਚੌਂਕ ਵਿਖੇ ਸੰਪਨ ਹੋਵੇਗਾ। ਉਪਰੋਕਤ ਜਾਣਕਾਰੀ ਨਿਆਏ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਨੇ ਸਥਾਨਕ ਗਾਂਧੀ ਨਗਰ ਸਥਿਤ ਸ਼੍ਰੀ ਹਿੰਦੂ ਨਿਆਏ ਪੀਠ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਗਊ ਮਾਸ ਮਿਲਣ ਦੀਆਂ ਇੱਕ ਤੋਂ ਬਾਅਦ ਇੱਕ ਘਟਨਾਵਾਂ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਪਹਿਲਾਂ ਜਲੰਧਰ, ਖੰਨਾ ਅਤੇ ਹੁਣ ਲੁਧਿਆਣਾ ਦੇ ਰੜੀ ਮੁਹੱਲੇ ਵਿੱਚ ਗਊ ਮਾਸ ਮਿਲਣ ਦੀਆਂ ਘਟਨਾਵਾਂ ਨੇ ਕਰੋੜਾਂ ਹਿੰਦੂਆਂ ਦੇ ਹਿਰਦੇ ਵਲੂੰਧਰ ਦਿੱਤੇ ਹਨ। ਹੈਰਾਨੀ ਦੀ ਗੱਲ ਹੈ ਕਿ ਵੱਖ-ਵੱਖ ਥਾਵਾਂ ’ਤੇ ਮਿਲਿਆ ਗਊ ਮਾਸ ਪੁਲਿਸ ਪ੍ਰਸ਼ਾਸਨ ਨੇ ਨਹੀਂ ਸਗੋਂ ਹਿੰਦੂਆਂ ਨੇ ਖੁੱਦ ਹੀ ਫੜਿਆ ਹੈ। ਗਊ ਤਸਕਰੀ ਦੇ ਮਾਮਲਿਆਂ ਵਿੱਚ ਪੁਲਿਸ ਅਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੀ ਹੈ। ਕੁੰਭਕਰਨੀ ਨੀਂਦ ਵਿੱਚ ਸੁੱਤੇ ਹੋਏ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੂੰ ਜਗਾਉਣ ਲਈ ਹਿੰਦੂ ਸਮਾਜ ਨੇ 15 ਅਕਤੂਬਰ ਨੂੰ ਗਊ ਮਾਤਾ ਦੇ ਸਨਮਾਨ ਨੂੰ ਬਚਾਉਣ ਲਈ ਸੜਕਾ ਤੇ ਉਤਰਣ ਦਾ ਐਲਾਨ ਕੀਤਾ ਹੈ। ਗਊ ਮਾਸ ਤਸਕਰਾਂ ਅਤੇ ਸਿਆਸਤਦਾਨਾਂ ਦੇ ਮਜ਼ਬੂਤ ਗੱਠਜੋੜ ਕਾਰਨ ਤਸਕਰਾਂ ਦੇ ਵਧ ਰਹੇ ਹੌਸਲਿਆਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਾਰਨ ਗਊ ਮਾਸ ਵੇਚਣ ਵਾਲੇ ਤਸਕਰਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ। ਸੰਤ ਸਮਾਜ ਦੀ ਅਗਵਾਈ ਹੇਠ 15 ਅਕਤੂਬਰ ਨੂੰ ਰੋਸ ਮਾਰਚ ਨਾਲ ਸ਼ੁਰੂ ਹੋਇਆ ਗਊ ਰੱਖਿਆ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਸਰਕਾਰ ਗਊ ਤਸਕਰੀ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਉਂਦੀ। ਇਸ ਮੌਕੇ ਜਗਦੀਸ਼ ਰਿੰਕੂ, ਮਹੇਸ਼ ਸ਼ਰਮਾ, ਅਸ਼ੋਕ ਅਰੋੜਾ, ਗੁਰਿੰਦਰ ਸਿੰਘ ਗੋਲਡੀ, ਸੋਨੂੰ ਮਿਗਲਾਨੀ, ਦੇਸ ਰਾਜ, ਰਜਿੰਦਰ ਅਵਸਥੀ, ਯੂਥ ਇਕਾਈ ਦੇ ਪ੍ਰਧਾਨ ਅਕਸ਼ੈ ਸ਼ਰਮਾ, ਅਜੈ ਸੂਦ, ਹੈਪੀ ਬਾਂਸਲ, ਅਭੀ ਛਾਬੜਾ, ਅਮਨ ਖੰਨਾ, ਅਨਿਲ ਵਰਮਾ, ਪਾਰਸ ਅਵਸਥੀ, ਵਿਨੋਦ ਵਿੱਜ ਅਤੇ ਹੋਰ ਵੀ ਹਾਜ਼ਰ ਸਨ।
Comments