25 april,2022
ਪੰਜਾਬ ਸਰਕਾਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਵੱਲੋਂ ਪਾਈ ਪਟੀਸ਼ਨ ‘ਤੇ ਜਵਾਬ ਦੇਣਾ ਹੈ। ਰਾਮ ਰਹੀਮ ਨੇ ਬੇਅਦਬੀ ਮਾਮਲਿਆਂ ‘ਚ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਹੈ। ਇਸ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਸੁਣਵਾਈ ਦੀ ਮੰਗ ਕੀਤੀ ਗਈ ਹੈ |
ਪੰਜਾਬ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਚੋਰੀ, ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਹੱਥ ਲਿਖਤ ਬੇਅਦਬੀ ਦੇ ਪੋਸਟਰ ਲਗਾਉਣ ਅਤੇ ਧਾਰਮਿਕ ਗ੍ਰੰਥ ਦੇ ਪੰਨੇ ਪਾੜ ਕੇ ਬੇਅਦਬੀ ਦੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਐਸਆਈਟੀ ਦਾ ਗਠਨ ਕੀਤਾ ਸੀ। ਇਨ੍ਹਾਂ ਕੇਸਾਂ ਵਿੱਚ ਕੁਝ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਡੇਰਾ ਮੁਖੀ ਨੂੰ ਐਸਆਈਟੀ ਵੱਲੋਂ ਮੁਲਜ਼ਮ ਬਣਾਇਆ ਗਿਆ ਸੀ।
ਡੇਰਾ ਮੁਖੀ ਦੀ ਵਕੀਲ ਕਨਿਕਾ ਆਹੂਜਾ ਨੇ ਬਾਜਾਖਾਨਾ ਥਾਣੇ ਵਿੱਚ ਦਰਜ ਐਫਆਈਆਰ ਨੰਬਰ 117 ਅਤੇ 128 ਵਿੱਚ ਰਾਮ ਰਹੀਮ ਲਈ ਰਾਹਤ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਜਸਟਿਸ ਅਰਵਿੰਦ ਸਿੰਘ ਸਾਂਗਵਾਨ ਦੀ ਬੈਂਚ ਵਿੱਚ ਹੋਵੇਗੀ। ਪੰਜਾਬ ਪੁਲਿਸ ਬੇਅਦਬੀ ਦੇ ਮਾਮਲਿਆਂ ਵਿੱਚ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਲਈ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਰਹੀ ਹੈ। ਇਸੇ ਤਰ੍ਹਾਂ ਦੀ ਮੰਗ ਪਿਛਲੇ ਸਾਲ ਵੀ ਕੀਤੀ ਗਈ ਸੀ। ਫਰੀਦਕੋਟ ਦੀ ਅਦਾਲਤ ਵੱਲੋਂ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਸਨ ਪਰ ਹਾਈ ਕੋਰਟ ਨੇ ਸਪੱਸ਼ਟ ਕਿਹਾ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਡੇਰਾ ਮੁਖੀ ਨੂੰ ਪੰਜਾਬ ਨਹੀਂ ਭੇਜਿਆ ਜਾ ਸਕਦਾ। ਅਜਿਹੇ ‘ਚ ਪੰਜਾਬ ਪੁਲਸ ਦੀ ਐੱਸ.ਆਈ.ਟੀ. ਸੁਨਾਰੀਆ ਜੇਲ ਗਈ, ਪਰ ਪੁੱਛਗਿੱਛ ‘ਚ ਕੁਝ ਜ਼ਿਆਦਾ ਨਹੀਂ ਨਿਕਲਿਆ।
Comments