ਲੁਧਿਆਣਾ 6 ਨਵੰਬਰ
ਬੀਤੇ ਦਿਨੀਂ ਨਾਗਪੁਰ ਵਿਚ ਹੋਈ ਏਸ਼ੀਅਨ ਸਿਟਰਸ ਕਾਂਗਰਸ- 2023 ਵਿਚ ਪੀ ਏ ਯੂ ਦੇ ਵਿਗਿਆਨੀਆਂ ਨੇ ਮਾਣ ਦੇ ਪਲ ਆਪਣੀ ਸੰਸਥਾ ਲਈ ਜਿੱਤੇ। ਇਸ ਕਾਨਫਰੰਸ ਦਾ ਆਯੋਜਨ ਇੰਡੀਅਨ ਸੋਸਾਇਟੀ ਆਫ ਸਿਟਰਿਕਲਚਰ ਦੁਆਰਾ ਆਈ ਸੀ ਏ ਆਰ - ਸੀ ਸੀ ਆਰ ਆਈ ਨਾਗਪੁਰ, ਬੈਂਕਾਕ, ਥਾਈਲੈਂਡ ਅਤੇ ਜੇਜੂ, ਕੋਰੀਆ ਗਣਰਾਜ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਵਿਚ 17 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤਾ ਗਿਆ।
ਫਲ ਵਿਗਿਆਨ ਵਿਭਾਗ ਦੇ ਮੁਖੀ ਡਾ: ਐਚ ਐਸ ਰਤਨਪਾਲ ਦੇ ਨਾਲ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ, ਪਲਾਂਟ ਪੈਥੋਲੋਜੀ ਵਿਭਾਗ, ਡਾ. ਜੇ. ਸੀ. ਬਖਸ਼ੀ ਖੇਤਰੀ ਖੋਜ ਸਟੇਸ਼ਨ, ਅਬੋਹਰ ਦੇ ਸੱਤ ਹੋਰ ਵਿਗਿਆਨੀਆਂ ਅਤੇ ਪੰਜ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ ਅਤੇ ਆਪਣੀ ਖੋਜ ਦੀ ਪੇਸ਼ਕਾਰੀ ਕੀਤੀ
ਇਸ ਕਾਂਗਰਸ ਦੌਰਾਨ ਪੋਸਟਰ ਅਤੇ ਮੌਖਿਕ ਪੇਸ਼ਕਾਰੀਆਂ ਕਰਨ ਵਾਲੇ ਵਿਗਿਆਨੀਆਂ ਨੇ ਇਨਾਮ ਜਿੱਤੇ। ਇਸ ਮੌਕੇ ਡਾ: ਸੰਦੀਪ ਸਿੰਘ, ਪ੍ਰਿੰਸੀਪਲ ਕੀਟ-ਵਿਗਿਆਨ ਨੂੰ ਨਿੰਬੂ ਜਾਤੀ ਵਿੱਚ ਕੀੜੇ-ਮਕੌੜਿਆਂ ਦੇ ਵਾਤਾਵਰਣ ਪੱਖੀ ਪ੍ਰਬੰਧਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਇੰਡੀਅਨ ਸੋਸਾਇਟੀ ਆਫ਼ ਸਿਟਰੀਕਲਚਰ ਵੱਲੋਂ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।
ਡਾ: ਗੁਰਤੇਗ ਸਿੰਘ, ਪ੍ਰਮੁੱਖ ਫਲ ਵਿਗਿਆਨੀ ਨੇ ਆਪਣੇ ਕੰਮ ਦੀ ਜ਼ਬਾਨੀ ਪੇਸ਼ਕਾਰੀ ਲਈ ਦੂਜਾ ਇਨਾਮ ਜਿੱਤਿਆ। ਇਹ ਪੇਸ਼ਕਾਰੀ ਭਾਰਤ ਵਿੱਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਅੰਗੂਰਾਂ ਦੀਆਂ ਕਿਸਮਾਂ ਨਾਲ ਸੰਬੰਧਿਤ ਸੀ।
ਪੈਦਾ ਰੋਗ ਮਾਹਿਰ ਡਾ: ਅਮਰਿੰਦਰ ਕੌਰ ਨੂੰ ਉਨ੍ਹਾਂ ਦੇ ਖੋਜ ਕਾਰਜ ਲਈ ਦੂਸਰਾ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ।
ਡਾ: ਕ੍ਰਿਸ਼ਨ ਕੁਮਾਰ, ਵਿਗਿਆਨੀ ਖੇਤਰੀ ਫਲ ਖੋਜ ਕੇਂਦਰ ਅਬੋਹਰ ਨੂੰ ਉਹਨਾਂ ਦੇ ਕੰਮ ਦੀ ਮੌਖਿਕ ਪੇਸ਼ਕਾਰੀ ਲਈ ਤੀਜਾ ਇਨਾਮ ਦਿੱਤਾ ਗਿਆ ।
ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਅਤੇ ਡਾ: ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਨੇ ਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ।
Comments