google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਚਲਾਇਆ ਅਭਿਆਨ

10June,2022

ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਅਤੇ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋ ਜਾਰੀ ਹਦਾਇਤਾਂ ਤੇ ਕਾਰਵਾਈ ਕਰਦਿਆਂ ਰਾਜ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ, ਸਿੱਖਿਆ ਵਿਭਾਗ, ਚਾਈਲਡ ਲਾਈਨ, ਪੁਲਿਸ ਵਿਭਾਗ ਅਤੇ ਆਸ ਅਹਿਸਾਸ ਐਨ.ਜੀ.ਓ. ਵੱਲੋ ਸਾਂਝੇ ਤੌਰ 'ਤੇ ਲੁਧਿਆਣਾ ਦੇ ਭਾਰਤ ਨਗਰ ਚੌਂਕ, ਭਾਈਵਾਲਾ ਚੌਂਕ ਅਤੇ ਫਿਰੋਜ ਗਾਂਧੀ ਮਾਰਕੀਟ ਵਿਖੇੇ ਬਾਲ ਭਿਖਾਰੀਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਇਕ ਅਭਿਆਨ ਚਲਾਇਆ ਗਿਆ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਰਸ਼ਮੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵੱਲੋ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੁਕੰਮਲ ਰੂਪ ਵਿੱਚ ਚਾਇਲਡ ਬੈਗਿੰਗ ਰੇਡ ਦਾ ਨੋਡਲ ਅਫਸਰ ਬਣਾਇਆ ਗਿਆ ਹੈ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਭਾਰਤ ਨਗਰ ਚੌਂਕ ਅਤੇ ਭਾਈਵਾਲਾ ਚੌਂਕ ਦੇ ਨੇੜਲੇ ਇਲਾਕਿਆਂ ਵਿੱਚ ਚਾਈਲਡ ਬੈਗਿੰਗ ਦੀ ਰੇਡ ਕੀਤੀ ਗਈ। ਰੇਡ ਦੌਰਾਨ ਇਕ ਪ੍ਰਵਾਸੀ ਔਰਤ ਮਿਲੀ, ਜਿਸਦੀ ਗੋਦ ਵਿੱਚ ਇਕ 11/2 ਸਾਲ ਦੀ ਬੱਚੀ ਸੀ, ਜਿਸਨੂੰ ਉਥੇ ਚੌਂਕ ਵਿੱਚ ਲੈ ਕੇ ਘੁੰਮਣ ਤੋਂ ਰੋਕਿਆਂ ਗਿਆ ਤੇ ਉਸਨੂੰ ਸਮਝਾਇਆ ਗਿਆ ਕਿ ਤੇਜ਼ ਧੁੱਪ ਅਤੇ ਗਰਮੀ ਵਿੱਚ ਬੱਚੇ ਨੂੰ ਇਸ ਤਰਾਂ੍ਹ ਲੈ ਕੇ ਘੁੰਮਣਾ ਬੱਚੀ ਦੀ ਸਿਹਤ ਲਈ ਠੀਕ ਨਹੀਂ ਹੈ, ਉਸਨੂੰ ਇਹ ਵੀ ਕਿਹਾ ਗਿਆ ਕਿ ਉਸਦੇ ਆਸੇ-ਪਾਸੇ ਜੋ ਵੀ ਛੋਟੇ ਬੱਚੇ ਰਹਿੰਦੇ ਹਨ, ਉਹਨਾਂ ਨੂੰ ਸਕੂਲ ਵਿੱਚ ਜੁੜੇ ਰਹਿਣ ਅਤੇ ਚੌਂਕਾਂ ਵਿੱਚ ਘੁੰਮਣ ਜਾਂ ਭੀਖ ਮੰਗਣ ਤੋਂ ਰੋਕਿਆ ਜਾਵੇ।

ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਸ਼ਮੀ ਵੱਲੋਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਤਾਂ ਜੋ ਚਾਈਲਡ ਬੈਗਿੰਗ ਤੇ ਠੱਲ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਲੁਧਿਆਣਾ ਨੂੰ ਬਾਲ ਭਿਖਿਆ ਤੋਂ ਮੁਕਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਬਣਾਇਆ ਜਾ ਸਕੇ ।

ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਭੀਖ ਨਾ ਦੇ ਕੇ ਚਾਈਲਡ ਬੈਗਿੰਗ ਨੂੰ ਰੋਕਣ ਲਈ ਸਹਿਯੋਗ ਦਿੱਤਾ ਜਾਵੇ। ਟੀਮ ਵਿੱਚ ਬਾਲ ਸੁਰੱਖਿਆ ਵਿਭਾਗ ਦੇ ਸ਼੍ਰੀ ਮੁਬੀਨ ਕੁਰੈਸ਼ੀ (ਬਾਲ ਸੁਰੱਖਿਆ ਅਫਸਰ (IC) ਅਤੇ ਸ਼੍ਰੀ ਸੰਦੀਪ ਸਿੰਘ (ਸ਼ੋਸ਼ਲ ਵਰਕਰ), ਕਰਨ, ਸਿਟੀ ਚਾਈਲਡ ਲਾਈਨ, ਬਲਰਾਜ ਸਿੰਘ (ਸਿੱਖਿਆ ਵਿਭਾਗ), ਅੰਜੂ ਵਰਮਾ ਅਤੇ ਕਾਮਿਆ ਖੰਨਾ (ਆਸ ਅਹਿਸਾਸ NGO) ਅਤੇ ਸ਼੍ਰੀ ਵਰਿੰਦਰ ਕੁਮਾਰ (ASI) ਅਤੇ ਹੋਰ ਨੁਮਾਇੰਦੇ (ਪੁਲਿਸ ਵਿਭਾਗ) ਆਦਿ ਹਾਜ਼ਰ ਸਨ ।

Comments


Logo-LudhianaPlusColorChange_edited.png
bottom of page