ਲੁਧਿਆਣਾ: 18 ਫਰਵਰੀ 2023
ਲੋਕਾਂ ਨੂੰ ਨਾ ਤਾਂ ਅਮਨ ਕਾਨੂੰਨ ਦੇ ਡੰਡੇ ਦਾ ਕੋਈ ਡਰ ਰਿਹਾ ਹੈ ਅਤੇ ਨਾ ਹੀ ਰੱਬ ਦਾ ਕੋਈ ਖੌਫ। ਇਸਦੇ ਨਾਲ ਹੀ ਲੁੱਟਾਂਖੋਹਾਂ ਅਤੇ ਡਾਕਿਆਂ ਦੇ ਢੰਗ ਤਰੀਕੇ ਵੀ ਸ਼ਤਰਾਨਾ ਅਤੇ ਖੌਫਨਾਕ ਹੋ ਗਏ ਹਨ। ਹੁਣ ਸਿਰਫ ਪੈਦਲ ਜਾਂਦੇ ਲੋਕ ਹੀ ਲੁਟੇਰਿਆਂ ਦਾ ਸ਼ਿਕਾਰ ਨਹੀਂ ਬਣਦੇ ਬਲਕਿ ਆਪਣੀਆਂ ਗੱਡੀਆਂ 'ਤੇ ਸਵਾਰ ਹੋ ਕੇ ਕਾਰੋਬਾਰ ਕਰਨ ਜਾਂਦੇ ਲੋਕ ਜਾਂ ਉਹਨਾਂ ਦੇ ਡਰਾਈਵਰ ਵੀ ਇਹਨਾਂ ਦੀ ਮਾਰ ਹੇਠ ਆ ਜਾਂਦੇ ਹਨ। ਏਡੀਸੀਪੀ-1ਰੁਪਿੰਦਰ ਕੌਰ ਸਰਾਂ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਵੀ ਇਹਨਾਂ ਅਨਸਰਾਂ ਦੀ ਪੈੜ ਨੱਪਣ ਵਿੱਚ ਲਗਾਤਾਰ ਤੇਜ਼ੀ ਵਰਤ ਰਹੀ ਹੈ। ਪੁਲਿਸ ਦੇ ਤੇਜ਼ ਐਕਸ਼ਨ ਦੀ ਨਵੀਂ ਮਿਸਾਲ ਸਾਹਮਣੇ ਆਈ ਹੈ ਲੁਧਿਆਣਾ ਵਿੱਚ।
ਇਹ ਵਾਰਦਾਤ ਜਲੰਧਰ ਬਾਈਪਾਸ ਦੇ ਨੇੜੇ ਦੀ ਹੈ। ਇਸ ਵਾਰਦਾਤ ਵਿੱਚ ਹਥਿਆਰਬੰਦ ਕਾਰ ਸਵਾਰ ਲੁਟੇਰੇ ਇਕ ਨੌਜਵਾਨ ਪ੍ਰਮੋਦ ਕੁਮਾਰ ਨੂੰ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਦਾ ਪਤਾ ਲੱਗਣ 'ਤੇ ਜਦੋਂ ਸਾਡੀ ਟੀਮ ਨੇ ਇਸ ਬਾਰੇ ਪਤਾ ਕੀਤਾ ਤਾਂ ਬਹੁਤ ਕੁਝ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਪ੍ਰਮੋਦ ਕੁਮਾਰ ਯੂਪੀ ਦੇ ਆਗਰਾ ਜ਼ਿਲੇ ਵਿਚ ਪੈਂਦੇ ਪਿੰਡ ਗੈਰੀ ਬੁਰਜ ਤੋਂ ਇਥੇ ਲੁਧਿਆਣਾ ਆ ਕੇ ਫੁੱਲਾਂਵਾਲ ਵਿਚ ਰਹਿ ਰਿਹਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਜਲੰਧਰ ਬਾਈਪਾਸ ਨੇੜੇ ਆਪਣੇ ਦੋਸਤ ਨੇਕ ਪਾਲ ਨਾਲ ਆਪਣੀ ਹੀ ਗੱਡੀ ਛੋਟਾ ਹਾਥੀ 'ਤੇ ਆ ਰਿਹਾ ਸੀ ਕਿ ਮਰੂਤੀ ਕਾਰ ਵਿੱਚ ਸਵਾਰ ਪੰਜ ਛੇ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਨਗਦੀ ਦੀ ਮੰਗ ਕੀਤੀ। ਜਦੋਂ ਉਸ ਨੇ ਨਗਦੀ ਦੇਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਤੇ ਉਸ ਨੂੰ ਤੇ ਉਸ ਦੇ ਦੋਸਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਛੋਟਾ ਹਾਥੀ ਵੀ ਖੋਹ ਲਿਆ ਅਤੇ ਇਸਦੇ ਨਾਲ ਹੀ 25,700/-ਰੁਪਏ ਦੀ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਇਹਨਾਂ ਲੁਟੇਰਿਆਂ ਨੇ ਉਹਨਾਂ ਦੇ ਦੋ ਮੋਬਾਈਲਵੀ ਖੋਹ ਲਏ। ਪ੍ਰਮੋਦ ਕੁਮਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਤੁਰੰਤ ਮਾਮਲੇ ਦੀ ਜਾਂਚ ਅਰੰਭੀ ਗਈ ਅਤੇ 16 ਫਰਵਰੀ ਨੂੰ ਨੀਲ ਕੰਠ ਉਰਫ ਨੀਲਾ ਅਤੇ ਸ਼ਿਵਮ ਉਰਫ ਬਿੱਲਾ ਉਣ ਗ੍ਰਿਫਤਾਰ ਕਰ ਕੇ ਛੋਟਾ ਹਾਥੀ ਗੱਡੀ ਵੀ ਬਰਾਮਦ ਕਰ ਲਈ ਗਈ। ਮਾਮਲੇ ਦੀ ਹੋਰ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ।
Комментарии