ਲੁਧਿਆਣਾ, 17 ਸਤੰਬਰ
ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸ਼ਹਿਰ ਨੂੰ ਕੂੜਾ-ਕਰਕਟ ਰਹਿਤ ਬਣਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਇੰਡੀਅਨ ਸਵੱਛਤਾ ਲੀਗ 2.O ਦਾ ਆਗਾਜ਼ ਕੀਤਾ ਗਿਆ। ਨਗਰ ਨਿਗਮ ਲੁਧਿਆਣਾ ਕਮਿਸ਼ਨਰ ਸੰਦੀਪ ਰਿਸ਼ੀ, ਜੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਸਿਹਤ ਅਫਸਰ ਡਾ. ਵਿਪਲ ਮਲਹੋਤਰਾ ਦੀ ਅਗਵਾਈ ਵਿੱਚ ਨਗਰ ਨਿਗਮ ਲੁਧਿਆਣਾ ਜੋਨ-ਸੀ ਵਿਖੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਰੈਲੀ ਮੌਕੇ ਐਨ.ਸੀ.ਸੀ., ਸੈਲਫ ਹੈਲਪ ਗਰੁੱਪ, ਐਨ ਜੀ ਓ ਅਤੇ ਮੁਹੱਲਾ ਨਿਵਾਸੀਆਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ। ਇਸ ਰੈਲੀ ਦੀ ਮੁੱਖ ਮੰਤਵ ਘਰ ਘਰ ਜਾ ਕੇ ਸੁਨੇਹਾ ਦੇਣਾ ਹੈ ਕਿ ਆਪਣੇ ਘਰ ਨੂੰ ਸਾਫ ਸੁਥਰਾ ਰੱਖਣਾ, ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਰੱਖਣੀ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਣਾ ਹੈ।
ਵਿਧਾਇਕ ਛੀਨਾ ਵਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ ਘਰ ਜਾ ਕੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਆਪਣੇ ਘਰ ਵਿੱਚ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਖਾਦ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ ਤਾਂ ਉਹ ਨਿਗਮ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਕਰੀਬ 5-6 ਕਿਲੋਮੀਟਰ ਲੰਬੀ ਇਹ ਰੈਲੀ ਬਾਬਾ ਮਾਰਕੀਟ, 33 ਫੁੱਟਾ ਰੋਡ ਤੋਂ ਹੁੰਦੇ ਹੋਏ ਪਿੱਪਲ ਚੌਂਕ ਵਿਖੇ ਸਮਾਪਤ ਕੀਤੀ ਗਈ। ਇਸ ਰੈਲੀ ਦੌਰਾਨ ਵਿਧਾਇਕ ਛੀਨਾ ਵਲੋਂ ਰਸਤੇ ਵਿੱਚ ਰੁਕ-ਰੁਕ ਕੇ ਹਰ ਦੁਕਾਨਦਾਰ ਅਤੇ ਘਰਾਂ 'ਚ ਸਫਾਈ ਪ੍ਰਤੀ ਜਾਗਰੂਕ ਕੀਤਾ। ਇਸ ਤੋਂ ਇਲਾਵਾ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਕੂੜੇ ਦੀ ਮਾਤਰਾ ਘੱਟ ਸਕੇ। ਇਸ ਰੈਲੀ ਵਿੱਚ ਸਿਹਤ ਸ਼ਾਖਾ ਦੇ ਸੀ ਐਸ ਆਈ ਬਲਜੀਤ ਸਿੰਘ, ਐਸ ਆਈ ਗੁਰਿੰਦਰ ਸਿੰਘ, ਸਤਿੰਦਰਜੀਤ ਸਿੰਘ ਬਾਵਾ,ਅਮਨਦੀਪ ਸਿੰਘ, ਸੀ ਡੀ ਓ ਮਹੇਸ਼ਵਰ ਸਿੰਘ, ਸੀ ਐਫ ਪਰਦੀਪ ਕੁਮਾਰ, ਕਮਾਲ ਅਤੇ ਹੋਰ ਸ਼ਾਮਲ ਸਨ।
Comments