15/11/2024
ਨਿਊ ਜਵਾਹਰ ਨਗਰ ਸਥਿਤ ਇੱਕ ਕੋਠੀ ਵਿੱਚ ਅੱਗ ਲੱਗਣ ਨਾਲ ਦਵਾਈਆਂ ਦੀ ਦੁਕਾਨ ਦਾ ਮਾਲਕ ਆਪਣੇ ਘਰ 'ਚ ਜ਼ਿੰਦਾ ਸੜ ਗਿਆ ਹੈ। ਸਿਟੀ ਮੈਡੀਕਲ ਹਾਲ ਦੇ ਮਾਲਕ ਅਤੁਲ ਸੂਦ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸ ਦੀ ਪਤਨੀ ਬੁਰੀ ਤਰ੍ਹਾਂ ਝੁਲਸ ਗਈ। ਜਿਸ ਦਾ ਗੰਭੀਰ ਹਾਲਤ 'ਚ ਇਲਾਜ ਚੱਲ ਰਿਹਾ ਹੈ। ਅਤੁਲ ਸੂਦ ਦਾ ਰਾਜਨੀਤੀ ਵਿੱਚ ਵੀ ਆਪਣਾ ਪ੍ਰਭਾਵ ਸੀ ਤੇ ਉਹ ਸਿਟੀ ਮੈਡੀਕਲ ਹਾਲ ਚਲਾਉਂਦਾ ਸੀ।
ਜਲੰਧਰ ਵਿੱਚ ਵੀਰਵਾਰ ਅੱਧੀ ਰਾਤ ਨੂੰ ਇਹ ਘਟਨਾ ਸ਼ਹਿਰ ਦੇ ਪੌਸ਼ ਇਲਾਕੇ ਨਿਊ ਜਵਾਹਰ ਨਗਰ ਦੀ ਹੈ ਜਿੱਥੇ ਇੱਕ ਕੋਠੀ ਵਿੱਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੂੰ ਕਰੀਬ 1.30 ਵਜੇ ਅੱਗ ਲੱਗਣ ਦਾ ਪਤਾ ਲੱਗਾ। ਜਿਸ ਤੋਂ ਬਾਅਦ ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ।
ਪਰ ਘਰ ਦੇ ਮਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਘਟਨਾ 'ਚ ਦੋ ਹੋਰ ਲੋਕ ਵੀ ਝੁਲਸ ਗਏ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ 'ਤੇ ਸੌਂ ਰਿਹਾ ਸੀ।
ਮੁੱਢਲੀ ਜਾਂਚ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਮੰਦਰ ਵਿੱਚ ਜਗਾਈ ਗਈ ਜੋਤ ਤੋਂ ਲੱਗੀ ਹੋ ਸਕਦੀ ਹੈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਤਾਂ ਟੀਮ ਕਰੀਬ 10 ਮਿੰਟਾਂ 'ਚ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਗੇਡ ਦੀ ਟੀਮ ਨੇ 15 ਤੋਂ 20 ਮਿੰਟਾਂ ਵਿੱਚ ਅੱਗ ’ਤੇ ਕਾਬੂ ਪਾ ਲਿਆ। ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ। ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਮੁਲਾਜ਼ਮ ਨੇ ਬਾਹਰ ਕੱਢਿਆ।
ਘਰ ਦੇ ਅੰਦਰ ਮੌਜੂਦ ਸਿਟੀ ਮੈਡੀਕਲ ਸਟੋਰ ਦੇ ਕਰਮਚਾਰੀ ਗੋਪਾਲ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਤੁਲ ਨਾਲ ਕੰਮ ਕਰ ਰਿਹਾ ਹੈ। ਗੋਪਾਲ ਨਾਲ ਉਨ੍ਹਾਂ ਦੇ ਸਾਥੀ ਜਗਦੀਸ਼ ਰਾਮ ਲਾਲ ਤੇ ਭਗਤ ਵੀ ਮੌਜੂਦ ਸਨ। ਰਾਤ 11 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਸਾਰੇ ਸੌਂ ਗਏ। ਉਹ ਗਰਾਊਂਡ ਫਲੋਰ 'ਤੇ ਸੀ ਤੇ ਮਾਲਕ ਅਤੁਲ ਤੀਜੀ ਮੰਜ਼ਿਲ 'ਤੇ ਸੀ।
Comments