21/12/2023
ਲੋਕਾਂ ਦੇ ਨਿਵੇਸ਼ ’ਤੇ 15 ਦਿਨਾਂ ਵਿਚ ਪੈਸਾ ਦੁੱਗਣਾ ਕਰਨ ਦਾ ਲਾਲਚ ਦੇ ਕੇ ਫ਼ਰਾਰ ਹੋਈ ਆਨਲਾਈਨ ਕੰਪਨੀ ਕ੍ਰਿਏਟਿਵ ਕਿਊਰੇਟਿਵ ਸਰਵਿਸ ਪ੍ਰਾਈਵੇਟ ਲਿਮਟਿਡ ਵਿਰੁੱਧ ਜੰਮੂ-ਕਸ਼ਮੀਰ ਦੀ ਸਾਈਬਰ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਬੁੱਧਵਾਰ ਨੂੰ ਕਸ਼ਮੀਰ ਵਿਚ ਵੱਖ-ਵੱਖ ਇਲਾਕਿਆਂ ਵਿਚ ਸਥਿਤ ਕੰਪਨੀ ਦੇ ਦਫ਼ਤਰਾਂ ’ਤੇ ਛਾਪੇਮਾਰੀ ਹੋਈ।
ਇਸ ਛਾਪਾਮਾਰੀ ਦੌਰਾਨ ਅਹਿਮ ਦਸਤਾਵੇਜ਼, ਅੱਠ ਲੈਪਟਾਪ ਜ਼ਬਤ ਕੀਤੇ ਗਏ। ਇਸ ਦੇ ਨਾਲ ਹੀ ਕੰਪਨੀ ਚਲਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ, ਕੰਪਨੀ ਦੇ ਸ਼ਾਤਿਰ ਮਾਲਕ ਫ਼ਰਾਰ ਤੁਰੇ ਫਿਰਦੇ ਹਨ। ਸਾਈਬਰ ਕ੍ਰਾਈਮ ਦੇ ਐੱਸਪੀ ਇਫ਼ਤਿਖ਼ਾਰ ਤਾਲ਼ਿਬ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਜਲਦੀ ਇਸ ਮਾਮਲੇ ਵਿਚ ਨਵੇਂ ਖ਼ੁਲਾਸੇ ਹੋਣਗੇ ਤੇ ਫ਼ਰਾਰ ਤੁਰੇ ਫਿਰਦੇ ਮਾਲਕ ਕਾਬੂ ਕੀਤੇ ਜਾਣਗੇ।
ਨਿਵੇਸ਼ਕਾਂ ਦਾ ਕਹਿਣਾ ਹੈ ਕਿ ਕੰਪਨੀ, ਪੰਜ ਹਜ਼ਾਰ ਰੁਪਏ ਲੈ ਕੇ ਇਕ ਆਈਡੀ ਬਣਾਉਂਦੀ ਸੀ ਤੇ ਝਾਂਸਾ ਦਿੰਦੀ ਸੀ ਕਿ ਉਨ੍ਹਾਂ ਦੇ ਪੈਸੇ ਮਹਿਜ਼ ਪੰਦਰਾਂ ਦਿਨਾਂ ਵਿਚ ਦੁੱਗਣੇ ਕਰ ਦਿੱਤੇ ਜਾਣਗੇ। ਦੱਸਿਆ ਜਾਂਦਾ ਹੈ ਕਿ ਲਾਲਚ ਵਿਚ ਆ ਕੇ ਭੋਲੇ-ਭਾਲੇ ਲੋਕਾਂ ਨੇ ਪੰਜ ਹਜ਼ਾਰ ਤੋਂ ਲੈ ਕੇ ਕਰੋੜਾਂ ਰੁਪਏ ਤੱਕ ਦਾ ਨਿਵੇਸ਼ ਕੰਪਨੀ ਵਿਚ ਕੀਤਾ ਸੀ।
ਭਾਰੀ ਨਿਵੇਸ਼ ਤੋਂ ਬਾਅਦ ਸ਼ਾਤਿਰ ਕੰਪਨੀ ਮਾਲਕਾਂ ਨੇ ਕੁਝ ਦਿਨ ਪਹਿਲਾਂ ਵੈੱਬਸਾਈਟ ਬੰਦ ਕਰ ਦਿੱਤੀ ਸੀ ਤੇ ਫਿਰ ਕੰਪਨੀ ਦੇ ਸਬੰਧਤ ਅਫ਼ਸਰਾਂ ਦੇ ਫੋਨ ਬੰਦ ਹੋ ਗਏ ਸਨ। ਚਿੰਤਾ ਵਿਚ ਘਿਰੇ ਲੋਕਾਂ ਨੇ ਕੰਪਨੀ ਦੇ ਦਫ਼ਤਰਾਂ ਵਿਚ ਪੁੱਜ ਕੇ ਛਾਣਬੀਣ ਕੀਤੀ ਹੈ। ਲੋਕਾਂ ਨੇ ਕੰਪਨੀ ਦੇ ਮੁਲਾਜ਼ਮਾਂ ਨਾਲ ਸਖ਼ਤ ਢੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਰੋਣਾ ਰੋਂਦਿਆਂ ਕਿਹਾ ਕਿ ਸਾਨੂੰ ਖ਼ੁਦ ਨਹੀਂ ਪਤਾ ਕਿ ਕੰਪਨੀ ਸੰਚਾਲਕ ਕਿੱਥੇ ਗਏ ਹਨ।
Kommentarer