02/01/2024
5 ਸਾਲ ਪਹਿਲਾਂ, ਮਹਿਜ਼ 18 ਸਾਲ ਦੀ ਉਮਰ 'ਚ ਸ਼੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਪਰਿਵਾਰ ਦੀ ਕਮਜ਼ੋਰ ਆਰਥਿਕਤਾ ਨੂੰ ਉੱਚਾ ਚੁੱਕਣ ਤੇ ਚੰਗੇ ਭਵਿੱਖ ਵਾਸਤੇ ਕਨੇਡਾ ਦੇ ਟੋਰਾਂਟੋ ਗਏ ਕਰਨ ਸਿੰਘ (23 ਸਾਲ) ਦੀ ਨਵੇਂ ਸਾਲ ਦੇ ਪਹਿਲੇ ਦਿਨ ਕੈਨੇਡਾ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਗਿੱਦੜਬਾਹਾ 'ਚ ਨਵੇਂ ਸਾਲ ਦੀ ਚੜ੍ਹਦੀ ਸਵੇਰ ਹੀ ਸੋਗ ਦਾ ਮਾਹੌਲ ਬਣ ਗਿਆ।
ਮ੍ਰਿਤਕ ਨੌਜਵਾਨ ਕਰਨ ਸਿੰਘ ਸਾਲ 2019 'ਚ ਗਿੱਦੜਬਾਹਾ ਤੋਂ ਕੈਨੇਡਾ ਗਿਆ ਸੀ। ਮ੍ਰਿਤਕ ਕਰਨ ਸਿੰਘ ਤੋਂ ਬਾਅਦ ਹੁਣ ਉਸਦੇ ਪਰਿਵਾਰ 'ਚ ਉਸਦੀ ਛੋਟੀ ਭੈਣ ਹੀ ਬੁੱਢੇ ਮਾਪਿਆਂ ਦਾ ਇਕਮਾਤਰ ਸਹਾਰਾ ਰਹਿ ਗਈ ਹੈ। ਵਿਰਲਾਪ ਕਰਦਿਆਂ ਮ੍ਰਿਤਕ ਦੀ ਮਾਂ ਪ੍ਰੀਤੀ ਕੌਰ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਹਾਲਾਤ ਤੇ ਸਿਸਟਮ ਠੀਕ ਹੁੰਦਾ ਤਾਂ ਉਨ੍ਹਾਂ ਨੂੰ ਆਪਣਾ ਪੁੱਤ ਕਦੇ ਵੀ ਕੈਨੇਡਾ ਨਾ ਭੇਜਣਾ ਪੈਂਦਾ। ਉਨ੍ਹਾਂ ਆਖਿਆ ਕਿ ਨਸ਼ਿਆਂ ਨਾਲ ਦਿਨੋ-ਦਿਨ ਉੱਜੜ ਰਹੇ ਪੰਜਾਬ ਅਤੇ ਨਸ਼ਿਆਂ ਦੀ ਮਾਰ ਦੇ ਡਰ ਤੋਂ ਬਚਾਉਣ ਵਾਸਤੇ ਹੀ ਉਨ੍ਹਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਪੰਜ ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਉਨ੍ਹਾਂ ਆਖਿਆ ਕਿ ਕਰਨ ਸਿੰਘ ਨੇ ਕੁਝ ਸਮੇਂ ਬਾਅਦ ਗਿੱਦੜਬਾਹਾ ਵਾਪਸ ਆਉਣਾ ਸੀ ਤੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਵੀ ਕਰਵਾਏ ਜਾਣ ਦੀ ਤਿਆਰੀ, ਕੁਝ ਦਿਨ ਬਾਅਦ ਹੀ ਸ਼ੁਰੂ ਕੀਤੀ ਜਾਣੀ ਸੀ।
ਕਰਨ ਨਾਲ ਟੋਰਾਂਟੋ 'ਚ ਰਹਿੰਦੇ ਉਸਦੇ ਸਾਥੀਆਂ ਨੇ ਮੀਡੀਆ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰਨ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਲੜਕਾ ਸੀ। ਕੈਨੇਡਾ 'ਚ ਕੜਕਵੀਂ ਠੰਢ ਵਾਲਾ ਵਾਤਾਵਰਨ ਹੋਣ ਦੇ ਬਾਵਜੂਦ ਕਰਨ ਮਾਸਾਹਾਰੀ ਵਸਤਾਂ ਸਮੇਤ ਚਾਹ ਪੀਣ ਦੀ ਆਦਤ ਤੋਂ ਵੀ ਦੂਰ ਰਹਿੰਦਾ ਸੀ। ਮੌਸਮੀਂ ਬਦਲਾਵ ਕਾਰਨ ਘੱਟ ਕੰਮ ਮਿਲਣ ਦੇ ਹਾਲਾਤ 'ਚ ਕਰਨ, ਆਪਣੇ ਖਰਚਿਆਂ ਨੂੰ ਨਾਂਹ-ਮਾਤਰ ਰੱਖਦਾ ਹੋਇਆ ਬਹੁਤ ਸੰਜਮ ਨਾਲ ਜੀਵਨ ਬਤੀਤ ਕਰਦਾ ਸੀ। ਮ੍ਰਿਤਕ ਕਰਨ ਦੀ ਮਾਂ, ਮਾਸੀ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਜੋੜ ਕੇ ਫਰਿਆਦ ਕੀਤੀ ਹੈ। ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ। ਆਰਥਿਕ ਪੱਖੋਂ ਕਮਜ਼ੋਰ ਮ੍ਰਿਤਕ ਕਰਨ ਸਿੰਘ ਦੇ ਪਰਿਵਾਰ ਨੇ ਦੇਸ਼-ਵਿਦੇਸ਼ 'ਚ ਵੱਸਦੇ ਹੋਰਨਾਂ ਦਾਨੀ ਸੱਜਣਾਂ ਤੇ ਸਮਾਜ ਸੇਵੀਆਂ ਨੂੰ ਆਰਥਿਕ ਸਹਾਇਤਾ ਵਾਸਤੇ ਅਪੀਲ ਕਰਦਿਆਂ ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਨੇ ਆਰਥਿਕ ਮਦਦ ਸਈ ਲੋਕਾਂ ਨੂੰ ਅਪੀਲੀ ਕੀਤੀ ਤਾਂ ਜੋ ਇਸ ਰਾਸ਼ੀ ਨਾਲ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਸਕੇ ਤੇ ਉਹ ਆਪਣੇ 23 ਵਰ੍ਹਿਆਂ ਦੇ ਨੌਜਵਾਨ ਪੁੱਤ ਦੇ ਅੰਤਿਮ ਦਰਸ਼ਨ ਤੇ ਅੰਤਿਮ ਰਸਮਾਂ ਕਰ ਸਕਣ।
תגובות