13/01/2024
ਪੂਰਾ ਉੱਤਰੀ ਭਾਰਤ ਕੜਾਕੇ ਦੀ ਠੰਢ ਨਾਲ ਕੰਬ ਰਿਹਾ ਹੈ ਤੇ ਧੁੰਦ ਹੋਰ ਸੰਘਣੀ ਹੁੰਦੀ ਜਾ ਰਹੀ ਹੈ। ਹਰਿਆਣਾ ਦੇ ਹਿਸਾਰ ’ਚ ਤਾਪਮਾਨ ਸਿਫ਼ਰ ਦੇ ਕਰੀਬ ਪੁੱਜ ਗਿਆ ਹੈ। ਦਿੱਲੀ ਦਾ ਘੱਟੋ-ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ 2018 ਤੋਂ ਬਾਅਦ ਇਸ ਤਰੀਕ ਦਾ ਸਭ ਤੋਂ ਘੱਟ ਤਾਪਮਾਨ ਸੀ। ਰਾਜਧਾਨੀ ’ਚ ਇਸ ਮੌਸਮ ਦੀ ਸਭ ਤੋਂ ਸੰਘਣੀ ਧੁੰਦ ਰਹੀ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਧੁੰਦ ਕਾਰਨ 330 ਹਵਾਈ ਜਹਾਜ਼ਾਂ ਦੀਆਂ ਉਡਾਣਾਂ ’ਤੇ ਅਸਰ ਪਿਆ। ਰੇਲ ਗੱਡੀਆਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਧੁੰਦ ਤੇ ਸੀਤ ਲਹਿਰ ਨੂੰ ਦੇਖਦਿਆਂ ਦਿੱਲੀ, ਹਰਿਆਣਾ, ਪੰਜਾਬ ਸਮੇਤ ਕਈ ਸੂਬਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ, ਪੂਰੇ ਉੱਤਰ ਭਾਰਤ ’ਚ ਪੰਜ ਦਿਨਾਂ ਤੱਕ ਬਹੁਤ ਸੰਘਣੀ ਧੁੰਦ ਰਹੇਗੀ। ਸੀਤ ਲਹਿਰ ਤੋਂ ਵੀ ਰਾਹਤ ਦੇ ਆਸਾਰ ਨਹੀਂ ਹਨ। ਤੇਜ਼ ਹਵਾਵਾਂ ਕਾਰਨ ਦਿੱਲੀ ’ਚ ਪਹਾੜੀ ਇਲਾਕਿਆਂ ਵਰਗੀ ਠੰਢ ਪੈ ਰਹੀ ਹੈ। ਹਰਿਆਣਾ ਦੇ ਹਿਸਾਰ ਦੇ ਬਾਲਸਮੰਦ ’ਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੰਜਾਬ ’ਚ ਅੱਠ ਸ਼ਹਿਰਾਂ ਦਾ ਘੱਟੋ-ਘਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਵੀ ਘੱਟ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ ਇਸ ਸੀਜ਼ਨ ਦਾ ਸਭ ਤੋਂ ਘੱਟ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ’ਚ ਆਈਜੀਆਈ ਏਅਰਪੋਰਟ ’ਤੇ ਸਵੇਰੇ ਪੰਜ ਵਜੇ ਦ੍ਰਿਸ਼ਤਾ ਦਾ ਪੱਧਰ ਸਿਫ਼ਰ ਤੱਕ ਪੁੱਜ ਗਿਆ। ਰਨਵੇ ਵਿਜ਼ਿਉਲ ਰੇਂਜ ਵੀ 125 ਤੋਂ 200 ਮੀਟਰ ਹੀ ਰਹਿ ਗਈ। ਧੁੰਦ ਦਾ ਅਸਰ ਕਰੀਬ 330 ਜਹਾਜ਼ਾਂ ’ਤੇ ਦਿਖਾਈ ਦਿੱਤਾ। ਕਰੀਬ 100 ਉਡਾਣਾਂ ਦੋਂ ਤੋਂ ਤਿੰਨ ਘੰਟੇ ਤੱਕ ਦੇਰੀ ਦੇ ਘੇਰੇ ’ਚ ਹਨ। ਕਰੀਬ 35 ਕੌਮਾਂਤਰੀ ਉਡਾਣਾਂ ’ਚ ਦੇਰੀ ਹੋਈ ਹੈ। ਰਿਆਦ ਦੀ ਉਡਾਣ ਨੌਂ ਘੰਟੇ ਤੇ ਮਾਸਕੋ ਤੇ ਤਾਸ਼ਕੰਦ ਦੀ ਉਡਾਣ ਨੂੰ ਸੱਤ ਘੰਟੇ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਦੀ ਉਡਾਣ ਨੌਂ ਘੰਟੇ, ਦੇਹਰਾਦੂਨ ਤੇ ਪਟਨਾ ਦੀ ਉਡਾਣ ਚਾਰ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਸ੍ਰੀਨਗਰ ਦੀ ਉਡਾਣ ਤਿੰਨ ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਆਉਣ ਵਾਲੀਆਂ ਕਰੀਬ 125 ਉਡਾਣਾਂ ’ਚ ਵੀ ਦੇਰੀ ਵਾਲੇ ਹਾਲਾਤ ਹਨ। ਅਹਿਮਦਾਬਾਦ, ਬੈਂਗਲੁਰੂ ਤੇ ਲਖਨਊ ਤੋਂ ਆਉਣ ਵਾਲੇ ਹਵਾਈ ਜਹਾਜ਼ ਦੇਰੀ ਨਾਲ ਆਈਜੀਆਈ ਏਅਰਪੋਰਟ ਪੁੱਜੇ। ਸੰਘਣੀ ਧੁੰਦ ਤੇ ਖ਼ਰਾਬ ਦ੍ਰਿਸ਼ਤਾ ਕਾਰਨ ਦੋ ਫਲਾਈਟਾਂ ਪਟਨਾ ਦੀ ਬਜਾਏ ਦੂਜੇ ਸ਼ਹਿਰਾਂ ਦੇ ਹਵਾਈ ਅੱਡਿਆਂ ’ਤੇ ਉਤਾਰੀਆਂ ਗਈਆਂ।
ਰੇਲ ਗੱਡੀਆਂ ਦੀ ਸਥਿਤੀ ਵੀ ਇਹੀ ਰਹੀ। ਜ਼ਿਆਦਾਤਰ ਰਾਜਧਾਨੀ ਐਕਸਪ੍ਰੈੱਸ ਗੱਡੀਆਂ ਦੇਰੀ ਨਾਲ ਦਿੱਲੀ ਪੁੱਜੀਆਂ। ਭੁਬਨੇਸ਼ਵਰ ਤੇ ਡਿਬਰੂਗੜ੍ਹ ਰਾਜਧਾਨੀ ਕਰੀਬ 11 ਘੰਟੇ ਦੇਰੀ ਨਾਲ ਦਿੱਲੀ ਪੁੱਜੀਆਂ। ਲੰਬੀ ਦੂਰੀ ਦੀਆਂ ਹੋਰ ਰੇਲ ਗੱਡੀਆਂ ਵੀ 10 ਘੰਟੇ ਤੋਂ ਵੱਧ ਦੀ ਦੇਰੀ ਨਾਲ ਦਿੱਲੀ ਪੁੱਜੀਆਂ। ਬਨਾਰਸ ਵੰਦੇਭਾਰਤ ਐਕਸਪ੍ਰੈੱਸ ਅੱਠ ਘੰਟੇ ਦੇਰੀ ਨਾਲ ਦਿੱਲੀ ਪੁੱਜੀ। ਅੱਧਾ ਦਰਜਨ ਤੋਂ ਵੱਧ ਰੇਲ ਗੱਡੀਆਂ 10 ਘੰਟੇ ਦੇਰੀ ਨਾਲ ਦਿੱਲੀ ਪੁੱਜੀਆਂ।
Comments