google-site-verification=ILda1dC6H-W6AIvmbNGGfu4HX55pqigU6f5bwsHOTeM
top of page

21 ਸਾਲਾ ਵਿਆਹੁਤਾ ਦੀ ਘਰ ਦੀ ਤੀਜੀ ਮੰਜ਼ਿਲ ਤੋਂ ਮਿਲੀ ਲਾਸ਼, 4 ਮਹੀਨੇ ਪਹਿਲਾਂ ਕੀਤੀ ਸੀ Love Marriage

12/12/2023

ਲੁਧਿਆਣਾ ਦੀ ਈਡਬਲਿਊਐੱਸ ਕਾਲੋਨੀ 'ਚ ਰਹਿਣ ਵਾਲੀ 21 ਸਾਲਾ ਵਿਆਹੁਤਾ ਨੇ ਘਰ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਰ ਦੀ ਤੀਸਰੀ ਮੰਜ਼ਿਲ ਤੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ 21 ਸਾਲਾ ਸ਼ਾਲਿਨੀ ਦਾ ਚਾਰ ਮਹੀਨੇ ਪਹਿਲਾਂ ਹੀ ਪਵਨ ਨਾਮ ਦੇ ਪਰਵਾਸੀ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਉਹ ਆਪਣੇ ਪਤੀ ਨਾਲ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਈਡਬਲਯੂਐੱਸ ਕਾਲੋਨੀ ’ਚ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਮਿ੍ਰਤਕਾ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦਾ ਪਤੀ ਆਪਣੇ ਪਿੰਡ ਉਤਰ ਪ੍ਰਦੇਸ਼ ਗਿਆ ਹੋਇਆ ਸੀ। ਉਸ ਨੇ ਸੋਮਵਾਰ ਨੂੰ ਵਾਪਸ ਆਉਣਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਦਾ ਕਹਿਣਾ ਹੈ ਕਿ ਮਕਾਨ ਮਾਲਕ ਮੁਤਾਬਕ ਸ਼ਾਲਿਨੀ ਦੁਪਹਿਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਆਈ ਅਤੇ ਸਿੱਧੀ ਕਮਰੇ ’ਚ ਚਲੀ ਗਈ। ਸਵੇਰੇ ਜਦੋਂ ਉਸ ਦੇ ਰਿਸ਼ਤੇਦਾਰ ਆਏ ਤਾਂ ਮਕਾਨ ਮਾਲਕ ਨੇ ਦੱਸਿਆ ਕਿ ਸ਼ਾਲਿਨੀ ਕੱਲ੍ਹ ਤੋਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਈ। ਰਿਸ਼ਤੇਦਾਰ ਉਸ ਨੂੰ ਦੇਖਣ ਲਈ ਉਪਰ ਗਏ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ’ਤੇ ਪਹੁੰਚੀ। ਜਦੋਂ ਪੁਲਿਸ ਨੇ ਖਿੜਕੀ ’ਚੋਂ ਕਮਰੇ ’ਚ ਝਾਤੀ ਮਾਰੀ ਤਾਂ ਦੇਖਿਆ ਕਿ ਸ਼ਾਲਿਨੀ ਨੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਲੋਕਾਂ ਨੇ ਦਰਵਾਜ਼ਾ ਤੋੜਿਆ ਅਤੇ ਪੁਲਿਸ ਨੇ ਲਾਸ਼ ਨੂੰ ਹੇਠ ਉਤਾਰਿਆ।

Comments


Logo-LudhianaPlusColorChange_edited.png
bottom of page