10/01/2024
ਸਥਾਨਕ ਦੇਵੀਵਾਲਾ ਰੋਡ ’ਤੇ ਸਥਿਤ ਵੀਆਈਪੀ ਕਾਲੋਨੀ ਵਿਚ ਵਿਕ ਵਿਅਕਤੀ ਟਾਵਰ ’ਤੇ ਚੜ੍ਹ ਗਿਆ। ਵਿਅਕਤੀ ਦੇ ਟਾਵਰ ’ਤੇ ਚੜ੍ਹਨ ਤੋਂ ਬਾਅਦ ਮੌਕੇ ’ਤੇ ਵੱਡੀ ਗਿਣਤੀ ’ਚ ਭੀੜ ਇਕੱਠੀ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਕਤ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਫਿਰ ਸਾਢੇ ਤਿੰਨ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਉਹ ਹੇਠਾਂ ਆਇਆ। ਜਾਣਕਾਰੀ ਅਨੁਸਾਰ ਸਥਾਨਕ ਜੀਵਨ ਨਗਰ ਦਾ ਰਹਿਣ ਵਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਮੰਗਲਵਾਰ ਦੁਪਹਿਰ ਕਰੀਬ 12 ਵਜੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ ਕਰਨ ਲਈ 200 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਿਆ ਸੀ। ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ, ਐੱਸਐੱਚਓ ਮਨੋਜ ਕੁਮਾਰ, ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਤੇ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਵੀ ਮੌਕੇ ’ਤੇ ਪੁੱਜੇ। ਪ੍ਰਸ਼ਾਸਨ ਵੱਲੋਂ ਕੁਲਵਿੰਦਰ ਨੂੰ ਹੇਠਾਂ ਉਤਾਰਨ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ।
ਐੱਸਐੱਚਓ ਮਨੋਜ ਕੁਮਾਰ ਸ਼ਰਮਾ ਨੇ ਮਾਈਕ ਅਤੇ ਸਪੀਕਰ ਰਾਹੀਂ ਵੀ ਉਸ ਨੂੰ ਹੇਠਾਂ ਆਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਉਸ ਨੂੰ ਟਾਵਰ ਤੋਂ ਹੇਠਾਂ ਲਿਆਉਣ ਲਈ ਸਮਾਜਸੇਵੀ ਵੀਪੀ ਸਿੰਘ ਦੇ ਨਾਲ ਇੱਕ ਹੋਰ ਨੌਜਵਾਨ ਬੂਟਾ ਸਿੰਘ ਨੇ ਟਾਵਰ ’ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਉਹ ਅੱਧੇ ਰਸਤੇ ’ਤੇ ਪਹੁੰਚੇ ਤਾਂ ਕੁਲਵਿੰਦਰ ਨੇ ਉੱਪਰੋਂ ਹੇਠਾਂ ਛਾਲ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਬੂਟਾ ਸਿੰਘ ਹੇਠਾਂ ਆ ਗਿਆ। ਪਰ ਸਮਾਜਸੇਵੀ ਵੀਪੀ ਸਿੰਘ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਹੌਲੀ-ਹੌਲੀ ਕੁਲਵਿੰਦਰ ਨੂੰ ਮਨੋਵਿਗਿਆਨਕ ਤੌਰ ’ਤੇ ਪ੍ਰਭਾਵਿਤ ਕਰ ਕੇ ਸਿਖਰ ’ਤੇ ਪਹੁੰਚ ਗਏ। ਜਦੋਂ ਵੀਪੀ ਸਿੰਘ ਉੱਪਰ ਤੋਂ ਹੇਠਾਂ ਵੱਲ ਟਾਵਰ ਦੇ ਚੌਥੇ ਪਲੇਟਫਾਰਮ ’ਤੇ ਪਹੁੰਚੇ ਤਾਂ ਕੁਲਵਿੰਦਰ ਟਾਵਰ ਤੋਂ ਉਤਰਨਾ ਸ਼ੁਰੂ ਹੋ ਗਿਆ। ਟਾਵਰ ਦੇ ਆਖਰੀ ਪਲੇਟਫਾਰਮ ’ਤੇ ਕੁਲਵਿੰਦਰ ਨੇ ਸ਼ਰਤ ਰੱਖੀ ਕਿ ਉਹ ਪੱਤਰਕਾਰਾਂ ਨਾਲ ਹੀ ਗੱਲ ਕਰੇਗਾ। ਇਸ ਤੋਂ ਬਾਅਦ ਪੁਲਿਸ ਨੇ ਪੱਤਰਕਾਰਾਂ ਨੂੰ ਛੱਡ ਕੇ ਸਾਰਿਆਂ ਨੂੰ ਹਟਾ ਦਿੱਤਾ। ਟਾਵਰ ਤੋਂ ਹੇਠਾਂ ਉਤਰਦਿਆਂ ਕੁਲਵਿੰਦਰ ਨੇ ਦੱਸਿਆ ਕਿ ਹਿੱਟ ਐਂਡ ਰਨ ਕਾਨੂੰਨ ਪਾਸ ਹੋਣ ਤੋਂ ਬਾਅਦ ਉਸ ਨੇ ਟਰੱਕ ਡਰਾਈਵਿੰਗ ਦੀ ਨੌਕਰੀ ਛੱਡ ਦਿੱਤੀ ਹੈ। ਕਿਉਂਕਿ 10,000 ਰੁਪਏ ਪ੍ਰਤੀ ਮਹੀਨਾ ਤਨਖਾਹ ਲੈਣ ਵਾਲੇ ਡਰਾਈਵਰਾਂ ਲਈ ਹਿੱਟ ਐਂਡ ਰਨ ਕਾਨੂੰਨ ਦੀ ਮਾਰ ਝੱਲਣਾ ਬਹੁਤ ਔਖਾ ਹੈ। ਫਿਲਹਾਲ ਉਹ ਬੇਰੋਜ਼ਗਾਰ ਹੈ ਪਰ ਉਸ ਦਾ ਕੋਈ ਘਰੇਲੂ ਝਗੜਾ ਨਹੀਂ ਹੈ। ਕੁਲਵਿੰਦਰ ਸਿੰਘ ਸਾਫ਼ ਤੌਰ ’ਤੇ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਜਾਪਦਾ ਸੀ।
ਇਸ ਦੌਰਾਨ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ। ਕੁਲਵਿੰਦਰ ਦੀ ਪਤਨੀ ਅਤੇ ਪਿਤਾ ਵੀ ਮੌਕੇ ’ਤੇ ਪਹੁੰਚ ਗਏ ਸਨ। ਇਸ ਤੋਂ ਬਾਅਦ ਪੁਲਿਸ ਕੁਲਵਿੰਦਰ ਨੂੰ ਐਂਬੂਲੈਂਸ ਵਿਚ ਬਿਠਾਕੇ ਮੈਡੀਕਲ ਅਤੇ ਮਾਨਸਿਕ ਜਾਂਚ ਲਈ ਸਿਵਲ ਹਸਪਤਾਲ ਕੋਟਕਪੂਰਾ ਲੈ ਗਈ। ਐੱਸਐੱਚਓ ਮਨੋਜ ਕੁਮਾਰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ ਜੋਕਿ ਦਿਮਾਗੀ ਤੌਰ ’ਤੇ ਬਿਮਾਰ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
Comments