06/01/2024
ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਮਹੱਤਵਪੂਰਨ ਫੈਸਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਉਲਟ ਹਾਲਾਤ 'ਚ ਵਿਆਹ ਦੇ ਇਕ ਸਾਲ ਬਾਅਦ ਹੀ ਤਲਾਕ ਲਈ ਪਟੀਸ਼ਨ ਦਾਇਰ ਕਰਨ ਦੀ ਲਾਜ਼ਮੀ ਸ਼ਰਤ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਹਾਈ ਕੋਰਟ ਨੇ ਇਹ ਹੁਕਮ ਇਕ ਅਜਿਹੇ ਜੋੜੇ ਦੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਜਾਰੀ ਕੀਤਾ ਹੈ ਜੋ ਵਿਆਹ ਤੋਂ ਬਾਅਦ ਸਿਰਫ਼ 15 ਦਿਨ ਇਕੱਠੇ ਰਹਿਣ ਤੋਂ ਬਾਅਦ ਵੱਖ ਹੋ ਗਏ ਤੇ ਸਹਿਮਤੀ ਨਾਲ ਤਲਾਕ ਲਈ ਅਰਜ਼ੀ ਦਿੱਤੀ ਹੈ।
ਇਹ ਮਾਮਲਾ ਆਇਆ ਸੀ ਸਾਹਮਣੇ
ਪਟੀਸ਼ਨ ਦਾਇਰ ਕਰਦੇ ਹੋਏ ਨਵਾਂਸ਼ਹਿਰ ਦੇ ਵਸਨੀਕ ਜੋੜੇ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ 27 ਮਾਰਚ 2023 ਨੂੰ ਹੋਇਆ ਸੀ ਤੇ ਵਿਚਾਰਕ ਮਤਭੇਦ ਕਾਰਨ ਦੋਵੇਂ 13 ਅਪ੍ਰੈਲ ਤੋਂ ਵੱਖ-ਵੱਖ ਰਹਿਣ ਲੱਗ ਪਏ। ਇਸ ਤੋਂ ਬਾਅਦ ਦੋਵਾਂ ਨੇ ਹਿੰਦੂ ਮੈਰਿਜ ਐਕਟ ਤਹਿਤ ਸਹਿਮਤੀ ਨਾਲ ਤਲਾਕ ਲਈ ਅਦਾਲਤ 'ਚ ਅਰਜ਼ੀ ਦਿੱਤੀ। ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ਉਨ੍ਹਾਂ ਦੇ ਵਿਆਹ ਨੂੰ ਇਕ ਸਾਲ ਵੀ ਪੂਰਾ ਨਹੀਂ ਹੋਇਆ। ਅਜਿਹੇ 'ਚ ਜੋੜੇ ਨੂੰ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨੀ ਪਈ ਤੇ ਪਟੀਸ਼ਨ 'ਚ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਜੋੜਾ ਸਿਰਫ 15 ਦਿਨ ਰਿਹਾ ਸੀ ਇਕੱਠਾ
ਹਾਈਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਜੋੜਾ ਸਿਰਫ 15 ਦਿਨ ਇਕੱਠਾ ਰਿਹਾ ਪਰ ਉਨ੍ਹਾਂ ਦੇ ਰਿਸ਼ਤੇ ਨੂੰ ਬਚਾਉਣ ਦੀ ਕੋਈ ਸੰਭਾਵਨਾ ਨਹੀਂ ਬਚੀ ਹੈ। ਔਰਤ ਦੀ ਉਮਰ 37 ਸਾਲ ਤੇ ਮਰਦ ਦੀ ਉਮਰ 41 ਸਾਲ ਹੈ, ਦੋਵੇਂ ਪੜ੍ਹੇ-ਲਿਖੇ ਹਨ, ਇਸ ਲਈ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਦਿੱਤਾ ਜਾਣਾ ਚਾਹੀਦਾ ਹੈ। ਭਾਵੇਂ ਹਿੰਦੂ ਮੈਰਿਜ ਐਕਟ ਅਨੁਸਾਰ ਇਕ ਸਾਲ ਬੀਤ ਜਾਣ ਤੋਂ ਪਹਿਲਾਂ ਕੇਸ ਦਾਇਰ ਨਹੀਂ ਕੀਤਾ ਜਾ ਸਕਦਾ, ਇਸ ਨੂੰ ਅਸਧਾਰਨ ਹਾਲਤਾਂ 'ਚ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।
Σχόλια