12/02/2024
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦੇ ਸੱਦੇ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਸਖ਼ਤ ਤਿਆਰੀਆਂ ਕੀਤੀਆਂ ਹਨ। 15 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਨ ਦੇ ਨਾਲ-ਨਾਲ ਸੱਤ ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ। ਦਿੱਲੀ ਕੂਚ ਨੂੰ ਰੋਕਣ ਲਈ ਸਰਹੱਦੀ ਇਲਾਕਿਆਂ ’ਚ ਕਿਲ੍ਹੇਬੰਦੀ ਕੀਤੀ ਹੈ। ਬੈਰੀਕੇਡ, ਕਿੱਲਾਂ, ਮਿੱਟੀ, ਕੰਕਰੀਟ ਦੀ ਲੇਅਰ, ਪੱਥਰ ਦੀ ਕੰਧ, ਕੰਡਿਆਲੀਆਂ ਤਾਰਾਂ ਰੱਖਣ ਦੇ ਨਾਲ ਹੀ ਹੁਣ ਸੜਕ ਖੋਦਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਅੱਥਰੂ ਗੈਸ ਦੇ ਗੋਲੇ ਛੱਡ ਕੇ ਅਭਿਆਸ ਕੀਤਾ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਗ਼ੈਰ-ਸਿਆਸੀ ਸਿੱਧੂਪੁਰ ਨੇ 23 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦ ਦੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ। ਪਿਛਲੇ ਕਿਸਾਨ ਅੰਦੋਲਨ ਤੋਂ ਸਬਕ ਲੈਂਦਿਆਂ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਸਰਹੱਦ ’ਤੇ ਹੀ ਰੋਕਣ ਦੀ ਤਿਆਰੀ ਕਰ ਲਈ ਹੈ ਤੇ ਬੈਰੀਕੇਡ ਲਾ ਦਿੱਤੇ ਗਏ ਹਨ। 15 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰਦਿਆਂ ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਸਿਰਸਾ ’ਚ ਦੋ ਅਸਥਾਈ ਜੇਲ੍ਹਾਂ ਵੀ ਬਣਾ ਦਿੱਤੀਆਂ ਗਈਆਂ ਹਨ।
ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਟ੍ਰੈਕਟਰਾਂ ਨਾਲ ਨਹੀਂ ਜਾਣ ਦਿਆਂਗੇ ਦਿੱਲੀ : ਮਨੋਹਰ ਲਾਲ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਟੈ੍ਰਕਟਰਾਂ ਰਾਹੀਂ ਤੇ ਇਨ੍ਹਾਂ ਅੱਗੇ ਹਥਿਆਰ ਬੰਨ੍ਹ ਕੇ ਚੱਲਣ ਨਾਲ ਦਿੱਲੀ ਕੂਚ ਨੂੰ ਲੋਕਤੰਤਰ ’ਚ ਪ੍ਰਦਰਸ਼ਨ ’ਚ ਤੈਅ ਮਿਆਰਾਂ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ। ਹਰਿਆਣਾ ਸਰਕਾਰ ਅਜਿਹੇ ਲੋਕਾਂ ਨੂੰ ਕਿਸੇ ਸੂਰਤ ’ਚ ਇਸ ਤਰ੍ਹਾਂ ਟੈ੍ਰਕਟਰਾਂ ’ਤੇ ਸਵਾਰ ਹੋ ਕੇ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਦੇ ਬਹੁਤ ਸਾਰੇ ਆਮ ਤਰੀਕੇ ਹਨ। ਜੇ ਕਿਸੇ ਨੇ ਦਿੱਲੀ ’ਚ ਜਾ ਕੇ ਆਪਣੀ ਗੱਲ ਕਹਿਣੀ ਹੈ ਤਾਂ ਉੱਥੇ ਜਾਣ ਦੇ ਬਹੁਤ ਤਰੀਕੇ ਹਨ। ਆਵਾਜਾਈ ਦੇ ਸਾਧਨ ਹਨ, ਹਰਿਆਣਾ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਨ, ਲੋਕਾਂ ਦੇ ਖ਼ੁਦ ਦੇ ਸਾਧਨ ਹਨ, ਉਨ੍ਹਾਂ ਨਾਲ ਜਾਓ ਤੇ ਆਪਣੀ ਗੱਲ ਕਹੋ ਪਰ ਕੋਈ ਟੈ੍ਰਕਟਰ ਲੈ ਕੇ ਦਿੱਲੀ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰੇ ਤੇ ਰਸਤੇ ’ਚ ਹੁੜਦੰਗ ਕਰੇ, ਅਸੀਂ ਇਸ ਦੀ ਇਜਾਜ਼ਤ ਕਿਸੇ ਨੂੰ ਕਿਵੇਂ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕਾਨੂੰਨ ਵਿਵਸਥਾ ਨਾਲ ਖਿਲਵਾੜ ਨਹੀਂ ਹੋਣ ਦੇ ਸਕਦੀ। ਪਿਛਲੇ ਸਾਲਾਂ ’ਚ ਹੋਏ ਅਜਿਹੇ ਪ੍ਰਦਰਸ਼ਨ ਸਾਡੇ ਸਾਹਮਣੇ ਹਨ। ਜੇ ਲੋਕ ਲੋਕਤੰਤਰ ’ਚ ਤੈਅ ਮਿਆਰਾਂ ਅਨੁਸਾਰ ਪ੍ਰਦਰਸ਼ਨ ਕਰਨ ਤੇ ਆਪਣੀ ਗੱਲ ਕਹਿਣ ਤਾਂ ਅਸੀਂ ਇਸ ਦੀ ਹਮਾਇਤ ਕਰਾਂਗੇ ਤੇ ਉਨ੍ਹਾਂ ਨੂੰ ਸਹਿਯੋਗ ਵੀ ਦਿਆਂਗੇ।
Comments