15/01/2024
ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲੇ 'ਚ ਧੀ ਨਾ ਹੋਣ ਤੋਂ ਨਿਰਾਸ਼ ਪਿਤਾ ਨੇ ਨਸ਼ੇ ਦੀ ਹਾਲਤ 'ਚ ਆਪਣੇ ਨਵਜੰਮੇ ਬੇਟੇ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਇਹ ਘਟਨਾ ਕੋਤਵਾਲੀ ਥਾਣਾ ਖੇਤਰ ਦੇ ਬਜਰਵਾੜ ਪਿੰਡ 'ਚ ਐਤਵਾਰ ਸ਼ਾਮ ਨੂੰ ਵਾਪਰੀ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਦੋਸ਼ੀ ਦੇ ਪਹਿਲਾਂ ਹੀ ਦੋ ਬੇਟੇ ਹਨ ਅਤੇ ਉਮੀਦ ਹੈ ਕਿ ਇਸ ਵਾਰ ਉਸ ਦੇ ਇਕ ਬੇਟੀ ਹੋਵੇਗੀ।
ਕੋਤਵਾਲੀ ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਅਨਿਲ ਉਈਕੇ ਨੇ ਸ਼ਰਾਬ ਪੀ ਕੇ ਪਹਿਲਾਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਦਾ 12 ਦਿਨਾਂ ਦਾ ਬੇਟਾ ਉਸ ਤੋਂ ਖੋਹ ਲਿਆ। ਉਸ ਨੇ ਦੱਸਿਆ ਕਿ ਔਰਤ ਕੁੱਟਮਾਰ ਦੇ ਡਰੋਂ ਮੌਕੇ ਤੋਂ ਭੱਜ ਗਈ ਅਤੇ ਜਦੋਂ ਉਹ ਬਾਅਦ ਵਿਚ ਘਰ ਪਰਤੀ ਤਾਂ ਉਸ ਨੇ ਆਪਣੀ ਝੌਂਪੜੀ ਵਿਚ ਬੱਚਾ ਮਰਿਆ ਹੋਇਆ ਪਾਇਆ।
ਬੱਚੇ ਦੀ ਗਰਦਨ 'ਤੇ ਗਲਾ ਘੁੱਟਣ ਦੇ ਨਿਸ਼ਾਨ
ਅਧਿਕਾਰੀ ਨੇ ਦੱਸਿਆ ਕਿ ਬੱਚੇ ਦੀ ਗਰਦਨ 'ਤੇ ਗਲਾ ਘੁੱਟਣ ਦੇ ਨਿਸ਼ਾਨ ਸਨ। ਉਸ ਨੇ ਕਿਹਾ ਕਿ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਉਈਕੇ ਵਿਰੁੱਧ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਗਈ ਸੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪੁੱਛਗਿੱਛ 'ਤੇ ਦੋਸ਼ੀ ਨੇ ਦੱਸਿਆ ਕਿ ਉਸ ਦੇ ਪਹਿਲਾਂ ਹੀ ਦੋ ਬੇਟੇ ਹਨ ਅਤੇ ਉਸ ਨੂੰ ਉਮੀਦ ਸੀ ਕਿ ਇਸ ਵਾਰ ਉਸ ਦੇ ਘਰ ਬੇਟੀ ਹੋਵੇਗੀ।
Comments